
ਕੇਂਦਰੀ ਵਪਾਰ ਮੰਤਰਾਲਾ ਨੇ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਕੇਂਦਰੀ ਵਪਾਰ ਮੰਤਰਾਲਾ ਨੇ ਵਧੇਰੇ ਮਾਤਰਾ ’ਚ ਦਰਾਮਦ ਵਾਲੇ 102 ਉਤਪਾਦਾਂ ਦੀ ਸੂਚੀ ਜਾਰੀ ਕਰਦੇ ਹੋਏ ਸੰਬੰਧਤ ਮੰਤਰਾਲਿਆਂ ਨੂੰ ਇਨ੍ਹਾਂ ਦੀ ਦਰਾਮਦ ’ਚ ਕਮੀ ਲਿਆਉਣ ਦੀ ਦਿਸ਼ਾ ’ਚ ਕਦਮ ਚੁੱਕਣ ਲਈ ਕਿਹਾ ਹੈ। ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਰੇਲੂ ਪੱਧਰ ’ਤੇ ਇਨ੍ਹਾਂ ਉਤਪਾਦਾਂ ਦੀ ਸਮਰੱਥਾ ਨੂੰ ਵਧਾ ਕੇ ਦਰਾਮਦ ’ਤੇ ਨਿਰਭਰਤਾ ਘੱਟ ਕੀਤੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਉਤਪਾਦਾਂ ਨਾਲ ਸੰਬੰਧਤ ਮੰਤਰਾਲਿਆਂ ਨੂੰ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਗਿਆ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਕੋਕਿੰਗ ਕੋਲਾ, ਕੁੱਝ ਮਸ਼ੀਨਰੀ ਉਪਕਰਨ, ਰਸਾਇਣ ਅਤੇ ਡਿਜੀਟਲ ਕੈਮਰਾ ਸ਼ਾਮਲ ਹਨ।
ਇਕ ਵਿਸ਼ਲੇਸ਼ਣ ਮੁਤਾਬਕ ਇਨ੍ਹਾਂ ਉਤਪਾਦਾਂ ਦੀ ਦਰਾਮਦ ’ਚ ਲਗਾਤਾਰ ਬੜ੍ਹਤ ਦਾ ਰੁਝਾਨ ਵੀ ਦੇਖਿਆ ਗਿਆ ਹੈ। ਲੰਮੇ ਸਮੇਂ ਤੱਕ ਇਹ ਉਤਪਾਦ ਦਰਾਮਦ ’ਚ ਉੱਚੀ ਹਿੱਸੇਦਾਰੀ ਰੱਖਦੇ ਰਹੇ ਹਨ। ਮਾਰਚ-ਅਗਸਤ 2021 ਦੀ ਮਿਆਦ ’ਚ ਹੀ ਇਨ੍ਹਾਂ 102 ਉਤਪਾਦਾਂ ਦੀ ਦਰਾਮਦ ’ਚ ਕੁੱਲ ਹਿੱਸਾ 57.66 ਫੀਸਦੀ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਉਤਾਪਾਦਾਂ ਦਾ ਘਰੇਲੂ ਪੱਧਰ ’ਤੇ ਉਤਪਾਦਨ ਵਧਾਉਣ ਦੇ ਮੌਕੇ ਹਨ। ਇਸ ਲਈ ਵਪਾਰ ਮੰਤਰਾਲਾ ਨੇ ਸੰਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਤੁਰੰਤ ਕਦਮ ਚੁੱਕਣ ਦਾ ਸੁਝਾਅ ਦਿੱਤਾ ਹੈ।
ਇਸ ਸੂਚੀ ’ਚ ਸ਼ਾਮਲ 102 ਉਤਪਾਦਾਂ ’ਚੋਂ 18 ਉਤਪਾਦਾਂ ਦੀ ਦਰਾਮਦ ’ਚ ਹਿੱਸੇਦਾਰੀ ਵਧੇਰੇ ਹੋਣ ਦੇ ਨਾਲ ਉਨ੍ਹਾਂ ਦੀ ਉੱਚ ਦਰਾਮਦ ਵਾਧਾ ਦਰ ਵੀ ਰਹੀ ਹੈ। ਇਨ੍ਹਾਂ ’ਚ ਸੋਨਾ, ਪਾਮ ਆਇਲ, ਇੰਟੀਗ੍ਰੇਟੇਡ ਸਰਕਿਟ (ਆਈ. ਸੀ.), ਨਿੱਜੀ ਕੰਪਿਊਟਰ, ਯੂਰੀਆ, ਸਟੇਨਲੈੱਸ ਸਟੀਲ ਟੁਕੜਾ, ਰਿਫਾਇੰਡ ਕਾਪਰ, ਕੈਮਰਾ, ਸੂਰਜਮੁਖੀ ਤੇਲ ਅਤੇ ਫਾਸਫੋਰਿਕ ਐਸਿਡ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੀ ਪਛਾਣ ਕਰਨ ਦਾ ਮੁੱਖ ਟੀਚਾ ਇਹ ਹੈ ਕਿ ਇਨ੍ਹਾਂ ’ਤੇ ਦਰਾਮਦ ਨਿਰਭਰਤਾ ਘੱਟ ਕਰਨ ਦੀ ਦਿਸ਼ਾ ’ਚ ਕਦਮ ਚੁੱਕੇ ਜਾਣ।
ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਅੰਕੜੇ ਵੀ ਇਹੀ ਦੱਸਦੇ ਹਨ ਕਿ ਇਨ੍ਹਾਂ ਉਤਪਾਦਾਂ ਦੀ ਦਰਾਮਦ ਲਈ ਮੰਗ ਹਰ ਸਮੇਂ ਬਣੀ ਰਹਿੰਦੀ ਹੈ। ਅਜਿਹੀ ਸਥਿਤੀ ’ਚ ਘਰੇਲੂ ਅਰਥਵਿਵਸਥਾ ’ਚ ਇਨ੍ਹਾਂ ਦੀਆਂ ਸਪਲਾਈ ਸੰਬੰਧੀ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਹੈ।
ਵਪਾਰ ਮੰਤਰਾਲਾ ਨੇ ਇਨ੍ਹਾਂ ਉਤਪਾਦਾਂ ਦੀ ਸੂਚੀ ਉਦਯੋਗ ਮੰਤਰਾਲਾ, ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰਾਨਿਕਸ, ਖਾਨ ਮੰਤਰਾਲਾ, ਭਾਰੀ ਉਦਯੋਗ, ਦਵਾਈ, ਇਸਪਾਤ, ਤੇਲ ਅਤੇ ਕੁਦਰਤੀ ਗੈਸ, ਖਾਦ, ਦੂਰਸੰਚਾਰ, ਸ਼ਿਿਪੰਗ, ਫੂਡ ਪ੍ਰੋਸੈਸਿੰਗ ਅਤੇ ਕੱਪੜਾ ਮੰਤਰਾਲਿਆਂ ਨਾਲ ਸਾਂਝੀ ਕੀਤੀ ਹੈ।