ਕੈਪਟਨ ਤੇ ਮੋਦੀ ਵਾਂਗ ਚੰਦ ਚਹੇਤੇ ਉਦਯੋਗਪਤੀਆਂ ਨੂੰ ਬਿਜਲੀ ਸਬਬਿਡੀ ਦੇ ਗੱਫੇ ਵੰਡਣ ਦਾ ਲਾਇਆ ਗੰਭੀਰ ਦੋਸ਼
ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗਾਂ ਨੂੰ ਸਬਸਿਡੀ ਲਈ ਸੰਤੁਲਿਤ ਅਤੇ ਪਾਰਦਰਸ਼ੀ ਨੀਤੀ ਦੀ ਕੀਤੀ ਮੰਗ
ਚੰਡੀਗੜ੍ਹ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਛੋਟੇ ਤੇ ਮੱਧਮ ਉਦਯੋਗਾਂ ਅਤੇ ਵਪਾਰਿਕ ਇਕਾਈਆਂ ਨਾਲ ਪੱਖਪਾਤ ਕਰਕੇ ਚੰਦ ਚਹੇਤੇ ਉਦਯੋਗਾਂ ਨੂੰ ਵੱਡੀ ਬਿਜਲੀ ਸਬਸਿਡੀ ਦੇਣ ਦੀ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਬਿਜਲੀ ਸਬਸਿਡੀ ਅਤੇ ਹੋਰ ਰਿਆਇਤਾਂ ਦੇਣ ਵਿੱਚ ਕੀਤਾ ਜਾਂਦਾ ਅੰਨਾ ਪੱਖਪਾਤ ਬੰਦ ਕਰੇ। ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਬਿਜਲੀ ਸਮੇਤ ਹੋਰ ਸਬਸਿਡੀਆਂ ਦੇਣ ਲਈ ਇੱਕ ਪਾਰਦਰਸ਼ੀ, ਸੰਤੁਲਿਤ ਅਤੇ ਸੁਚੱਜੀ ਨੀਤੀ ਬਣਾਵੇ ਤਾਂ ਜੋ ਮਾਰੂ ਨੀਤੀਆਂ ਤੇ ਕੋਰੋਨਾ ਮਹਾਂਮਾਰੀ ਕਾਰਨ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਉਦਯੋਗ ਅਤੇ ਵਪਾਰ ਜਗਤ ਨੂੰ ਬਚਾਇਆ ਜਾ ਸਕੇ।
ਬੁੱਧਵਾਰ ਨੂੰ ਪਾਰਟੀ ਦੇ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬਿਜਲੀ ਸਪਲਾਈ ਅਤੇ ਬਿਜਲੀ ਸਬਸਿਡੀ ਦੇਣ ਵਿੱਚ ਸੂਬੇ ਦੇ ਉਦਯੋਗਾਂ ਨਾਲ ਪੱਖਪਾਤ ਕੀਤਾ ਹੈ। ਕੈਪਟਨ ਸਰਕਾਰ ਆਪਣੇ ਚੰਦ ਚਹੇਤੇ ਉਦਯੋਗਪਤੀਆਂ ਉਤੇ ਸੂਬੇ ਦਾ ਸ਼ਰੇਆਮ ਖਜ਼ਾਨਾ ਲੁਟਾ ਰਹੀ ਹੈ। ਪੰਜਾਬ ਵਿੱਚ ਇਸ ਦੀ ਸਭ ਤੋਂ ਵੱਡੀ ਮਾਰ ਛੋਟੇ ਅਤੇ ਮੱਧਮ ਉਦਯੋਗ ਨੂੰ ਪੈ ਰਹੀ ਹੈ। ਚੀਮਾ ਨੇ ਕਿਹਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚੰਦ ਚਹੇਤਿਆਂ ਉਤੇ ਪੂਰੇ ਦੇਸ਼ ਦਾ ਖਜ਼ਾਨਾ ਲੁਟਾ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ਵੀ ਉਂਝ ਹੀ ਕਰ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਕਸ਼ੇ ਕਦਮ ‘ਤੇ ਚੱਲ ਕੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਚੀਮਾ ਨੇ ਪੁੱਛਿਆ ਕਿ ਕਿਸਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਂਦੀ ਬਿਜਲੀ ਸਬਸਿਡੀ ਦਾ ਕੈਪਟਨ ਸਰਕਾਰ ਵੱਲੋਂ ਢੰਡੋਰਾ ਪਿੱਟਿਆ ਜਾਂਦਾ ਹੈ, ਪਰ ਧਨਾਢ ਉਦਯੋਗਪਤੀਆਂ ਨੂੰ ਦਿੱਤੀ ਜਾਂਦੀ ਕਰੋੜਾਂ ਰੁਪਏ ਦੀ ਬਿਜਲੀ ਸਬਸਿਡੀ ਨੂੰ ਪੰਜਾਬ ਵਾਸੀਆਂ ਤੋਂ ਕਿਉਂ ਛੁਪਾਇਆ ਗਿਆ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀਆਂ ਵਾਜਪਈ, ਡਾ. ਮਨਮੋਹਨ ਸਿੰਘ ਅਤੇ ਹੁਣ ਨਰਿੰਦਰ ਮੋਦੀ ਸਰਕਾਰ ਦੇ ਨਾਲ ਨਾਲ ਬਾਦਲਾਂ ਅਤੇ ਕੈਪਟਨ ਦੀਆਂ ਸਾਰੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਉਦਯੋਗਪਤੀ ਪੰਜਾਬ ਨੂੰ ਛੱਡ ਕੇ ਉਤਰ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਨਕਸ਼ੇ ‘ਤੇ ਉਦਯੋਗਾਂ ਵਜੋਂ ਵਿਕਸਤ ਹੋਏ ਲੁਧਿਆਣਾ, ਮੰਡੀ ਗੋਬਿੰਦਗੜ, ਬਟਾਲਾ ਅਤੇ ਸ਼੍ਰੀ ਅੰਮ੍ਰਿਤਸਰ ਜਿਹੇ ਖੇਤਰਾਂ ਵਿਚੋਂ ਉਦਯੋਗਾਂ ਦਾ ਹੋਰਨਾਂ ਸੂਬਿਆਂ ਵੱਲ ਜਾਣਾ ਨਾ ਕੇਵਲ ਸੱਤਾਧਾਰੀਆਂ ਦੇ ਮੂੰਹ ‘ਤੇ ਚਪੇੜ ਹੈ, ਸਗੋਂ ਪੰਜਾਬ ਦੇ ਆਰਥਚਾਰੇ ਲਈ ਬਹੁਤ ਨੁਕਸਾਨਦਾਇਕ ਹੈ। ਇਸ ਕਾਰਨ ਸੂਬੇ ਵਿੱਚ ਨਿੱਜੀ ਖੇਤਰ ਦੀਆਂ ਲੱਖਾਂ ਨੌਕਰੀਆਂ ਖ਼ਤਮ ਹੋ ਗਈਆਂ ਹਨ ਅਤੇ ਲੋਕ ਬੇਰੁਜ਼ਗਾਰ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ‘ਚ ਉਦਯੋਗਾਂ ਦੀ ਬਿਹਤਰੀ ਲਈ ਸੁਚੱਜੀ ਉਦਯੋਗਿਕ ਪਾਲਿਸੀ ਬਣਾਈ ਜਾਵੇ ਤਾਂ ਜੋ ਛੋਟੇ, ਮੱਧਮ ਅਤੇ ਵੱਡੇ ਉਦਯੋਗਾਂ ਨੂੰ ਸੰਤੁਲਤ ਅਨੁਪਾਤ ਤਹਿਤ ਸਬਸਿਡੀਆਂ ਦਾ ਲਾਭ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਉਨਾਂ ਕੋਰੋਨਾ ਮਹਾਂਮਾਰੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਉਦਯੋਗਾਂ ਦਾ ਮਾਰਚ 2020 ਤੋਂ ਹੁਣ ਤੱਕ ਦਾ ਫ਼ਿਕਸ ਚਾਰਜ਼ ਮੁਆਫ਼ ਕਰਨ ਦੀ ਵੀ ਮੰਗ ਕੀਤੀ।