ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ‘ਚ ਮੀਂਹ ਅਤੇ ਜ਼ਮੀਨ ਖਿੱਸਕਣ ਕਾਰਨ ਮਕਾਨ ਢਹਿਣ ਦੀਆਂ ਘਟਨਾਵਾਂ ਅਤੇ ਲੋਕਾਂ ਦੀ ਮੌਤ ‘ਤੇ ਸੋਗ ਜ਼ਾਹਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧ ‘ਚ ਅਧਿਕਾਰੀਆਂ ਨੇ ਦੱਸਿਆ ਕਿ ਮਾਇਆਨਗਰੀ ‘ਚ ਸ਼ਨੀਵਾਰ ਪੂਰੀ ਰਾਤ ਪਏ ਮੀਂਹ ਤੋਂ ਬਾਅਦ ਮਕਾਨ ਢਹਿਣ ਦੀਆਂ ਘਟਨਾਵਾਂ ‘ਚ 25 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਐਤਵਾਰ ਨੂੰ ਮਹਾਨਗਰ ‘ਚ ਪਾਣੀ ਭਰਨ ਕਾਰਨ ਟਰੇਨ ਸੇਵਾਵਾਂ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਈ।
ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਦੇ ਨਗਰ ਕਮਿਸ਼ਨਰ ਆਈ.ਐੱਸ. ਚਹਿਲ ਨਾਲ ਗੱਲ ਕੀਤੀ ਅਤੇ ਬਚਾਅ ਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਬਚਾਅ ਕੰਮਾਂ ਲਈ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.), ਨਗਰਪਾਲਿਕਾ ਕਰਮੀਆਂ, ਅੱਗ ਬੁਝਾਊ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ।
ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਵੱਲੋਂ ਜਾਰੀ ਬਿਆਨ ਅਨੁਸਾਰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਜ਼ਖਮੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।