ਤਰਨਤਾਰਨ : ਮੁਰਾਦਪੁਰਾ ਮੁੱਹਲੇ ‘ਚ ‘ਆਪ’ ਦੇ ਵਰਕਰਾਂ ਵੱਲੋਂ ਸਿਆਸੀ ਰੰਜਿਸ਼ ਦੇ ਚੱਲਦਿਆਂ ਇੱਕ ਕਾਂਗਰਸੀ ਵਰਕਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁੱਝ ਵਰਕਰਾਂ ਵੱਲੋਂ ਇੱਕ-ਦੂਜੇ ‘ਤੇ ਪੱਥਰ ਅਤੇ ਬੋਤਲਾਂ ਨਾਲ ਹਮਲਾ ਵੀ ਕੀਤਾ ਗਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਅਤੇ ਥਾਣਾ ਸਿਟੀ ਮੁਖੀ ਜਸਵੰਤ ਸਿੰਘ ਭੱਟੀ ਨੇ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕੰਟਰੋਲ ਕੀਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।‘ਆਪ’ ਆਗੂ ਗੁਰਦੇਵ ਸਿੰਘ ਸੰਧੂ ਅਤੇ ਉਸ ਦੇ ਪੁੱਤਰ ਰਹਿਮਤ ਸੰਧੂ ਸਮੇਤ ਵੱਡੀ ਗਿਣਤੀ ‘ਚ ਵਰਕਰਾਂ ਵੱਲੋਂ ਲੋਕਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਸੰਬੰਧੀ ਫਾਰਮ ਆਦਿ ਭਰਨ ਲਈ ਇੱਕਠ ਕੀਤਾ ਗਿਆ ਸੀ।
ਉਸੇ ਸਮੇਂ ਦੌਰਾਨ ਮੁਰਾਦਪੁਰਾ ਦੇ ਵਾਰਡ ਇੰਚਾਰਜ ਕਾਂਗਰਸੀ ਨੇਤਾ ਤਰਸੇਮ ਸਿੰਘ ਗਿੱਲ ਦਾ ਪੁੱਤਰ ਹਿਮਾਂਸ਼ੂ ਗਿੱਲ ਕਿਸੇ ਕੰਮ ਲਈ ਬਜ਼ਾਰ ਜਾ ਰਿਹਾ ਸੀ। ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਆਪ’ ਦੇ ਗੁਰਦੇਵ ਸਿੰਘ ਸੰਧੂ, ਰਹਿਮਤ ਸੰਧੂ, ਸੋਨੂੰ ਝੰਡੇਰ, ਲਖਵਿੰਦਰ ਸਿੰਘ ਫੌਜੀ, ਸੁਖਦੇਵ ਸਿੰਘ ਸੰਧੂ, ਨਵਦੀਪ ਸਿੰਘ ਅਰੋੜਾ, ਅੰਜੂ ਵਰਮਾਂ ਆਦਿ ਵਰਕਰਾਂ ਵੱਲੋਂ ਉਸ ਨੂੰ ਕਾਂਗਰਸੀ ਲੀਡਰ ਹੋਣ ਦੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਇੱਕ ਗੋਲੀ ਉਸ ਦੀ ਲੱਤ ’ਚ ਜਾ ਵੱਜੀ।
ਇਸੇ ਦੌਰਾਨ ਜ਼ਖਮੀ ਹਾਲਤ ’ਚ ਹਿਮਾਂਸ਼ੂ ਨੂੰ ਸਰਕਾਰੀ ਹਸਤਪਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉਧਰ ਸਿਵਲ ਹਸਪਤਾਲ ਵਿਖੇ ‘ਆਪ’ ਆਗੂ ਗੁਰਦੇਵ ਸਿੰਘ ਸੰਧੂ ਸਣੇ ਵਰਕਰ ਸਿਵਲ ਹਸਪਤਾਲ ਵਿਖੇ ਪੁੱਜੇ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਕਈ ਤਰਾਂ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ, ਸੰਦੀਪ ਦੋਦੇ, ਕੇਵਲ ਕਪੂਰ ਸਣੇ ਕਾਂਗਰਸੀ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਜ਼ਖਮੀ ਹਿਮਾਂਸ਼ੂ ਗਿੱਲ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਜਾਂਚ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।