ਵਿਧਾਨ ਸਭਾ ਚੋਣਾਂ ‘ਚ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਤੇ ਨਗਰ ਨਿਗਮ ਦੀਆਂ ਦਸੰਬਰ ’ਚ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਨੇ ਹੁਣ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਇਹ ਸੀਟ ਖ਼ਾਲੀ ਹੋ ਗਈ ਹੈ ਅਤੇ ਇਸ ’ਤੇ ਅਗਲੇ ਛੇ ਮਹੀਨਿਆਂ ’ਚ ਜ਼ਿਮਨੀ ਚੋਣ ਹੋਣੀ ਹੈ।

ਭਾਜਪਾ ਨੇ ਸੰਗਰੂਰ ਤੋਂ ਹੀ ਵਿਧਾਨ ਸਭਾ ਚੋਣ ਲੜ ਚੁੱਕੇ ਅਰਵਿੰਦ ਖੰਨਾ ਨੂੰ ਇਸ ਸੀਟ ਤੋਂ ਚੋਣ ਲੜਵਾਉਣ ਦਾ ਮਨ ਬਣਾਇਆ ਹੈ। ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਵੀ ਹੈ। ਗਠਜੋੜ ’ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਸੀਟ ਤੋ ਖੜ੍ਹਾ ਕਰ ਦਿੱਤਾ ਜਾਵੇ। ਇਸ ਸੀਟ ’ਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਸਾਲ 2004 ’ਚ ਜਿੱਤ ਦਰਜ ਕੀਤੀ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਲਗਾਤਾਰ ਤਿੰਨ ਵਾਰ ਹਾਰ ਗਏ ਸਨ।

ਸੰਗਰੂਰ ਸੰਸਦੀ ਸੀਟ ’ਚ ਸੰਗਰੂਰ, ਲਹਿਰਾਗਾਗਾ, ਸੁਨਾਮ, ਧੂਰੀ, ਮਾਲੇਰਕੋਟਲਾ ਤੇ ਅਹਿਮਦਗਡ਼੍ਹ ਮੰਡੀਆਂ ਆਉਂਦੀਆਂ ਹਨ ਜਿੱਥੋਂ ਪਾਰਟੀ ਨੂੰ ਸ਼ਹਿਰੀ ਵੋਟ ਮਿਲਣ ਦੀ ਆਸ ਹੈ। ਏਸੇ ਲਈ ਪਾਰਟੀ ਇਸ ਸੀਟ ’ਤੇ ਅਰਵਿੰਦ ਖੰਨਾ ਨੂੰ ਉਤਾਰਨਾ ਚਾਹੁੰਦੀ ਹੈ।

ਅਰਵਿੰਦਰ ਖੰਨਾ ਪਹਿਲਾਂ ਵੀ ਸੰਗਰੂਰ ਤੇ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਜੇ ਉਹ ਇਸ ਸੀਟ ’ਤੇ ਚੋਣ ਲਡ਼ਦੇ ਹਨ ਤਾਂ ਉਨ੍ਹਾਂ ਦੇ ਸੰਸਦੀ ਹਲਕੇ ’ਚ ਦੋ ਅਜਿਹੀਆਂ ਵਿਧਾਨ ਸਭਾ ਸੀਟਾਂ ਹਨ ਜਿੱਥੋਂ ਉਨ੍ਹਾਂ ਨੂੰ ਚੰਗੀਆਂ ਵੋਟਾਂ ਮਿਲ ਸਕਦੀਆਂ ਹਨ।

ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਬਦਲਾਅ ਤੈਅ
ਭਾਜਪਾ ਨੇ ਸੰਗਰੂਰ ਉਪ ਚੋਣ ਤੋਂ ਇਲਾਵਾ ਇਸੇ ਸਾਲ ਨਗਰ ਨਿਗਮਾਂ ਦੀਆਂ ਚੋਣਾਂ ’ਚ ਵੀ ਉੱਤਰਨਾ ਹੈ। ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵਰਗੀਆਂ ਨਗਰ ਨਿਗਮਾਂ ‘ਚ ਚੋਣ ਲੜਾਈ ਸੌਖੀ ਨਹੀਂ ਹੈ ਪਰ ਪਾਰਟੀ ਲਈ ਇਹ ਸਾਰੀਆਂ ਨਗਰ ਨਿਗਮਾਂ ਮਹੱਤਵਪੂਰਨ ਵੀ ਹਨ। ਏਸੇ ਲਈ ਪਾਰਟੀ ਨੇ ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਸੰਗਠਨ ’ਚ ਬਦਲਾਅ ਕਰਨ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

LEAVE A REPLY

Please enter your comment!
Please enter your name here