ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇਕ ਖ਼ਾਸ ਮੀਟਿੰਗ ਸਿੰਘੂ ਬਾਰਡਰ ‘ਤੇ ਮੁਕੇਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ‘ਚ ਸਾਰੇ ਪ੍ਰਮੁੱਖ ਆਗੂ ਸ਼ਾਮਿਲ ਹੋਏ ਅਤੇ ਕਈ ਪ੍ਰਮੁੱਖ ਮੁੱਦਿਆਂ ‘ਤੇ ਵਿਚਾਰ ਕਰਕੇ ਕੁਝ ਅਹਿਮ ਫੈਸਲੇ ਵੀ ਲਏ ਗਏ। ਮੀਟਿੰਗ ‘ਚ ਅੰਦੋਲਨ ਦੀ ਅਸਲੀ ਰੂਪ ਰੇਖਾ ਲਈ ਵੀ ਵਿਚਾਰਾਂ ਕੀਤੀਆਂ ਗਈਆਂ ਅਤੇ ਪੰਜਾਬ ‘ਚ ਲੋਕਾਂ ਨੂੰ ਝੋਨੇ ਦੀ ਵਿਜਾਈ ਦੇ ਕੰਮ ਤੋਂ ਜਲਦੀ ਵੇਹਲੇ ਹੋ ਕੇ ਮੋਰਚਿਆਂ ‘ਚ ਪਹੁੰਚਣ ਦੀ ਅਪੀਲ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਵਲੋਂ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਗਿਆ ਕਿ ਡੀਜ਼ਲ, ਪੈਟਰੋਲ, ਗੈਸ ਆਦਿ ਜਰੂਰੀ ਵਸਤਾਂ ਦੀ ਵੱਡੇ ਪੱਧਰ ‘ਤੇ ਜੋ ਸਰਕਾਰ ਵਲੋਂ ਮਹਿੰਗਾਈ ਕੀਤੀ ਗਈ ਹੈ ਉਸ ਦੇ ਵਿਰੋਧ ‘ਚ ਪੂਰੇ ਭਾਰਤ ਵਾਂਗ ਪੰਜਾਬ ਦੇ ਹਰ ਵਰਗ ਦੇ ਲੋਕ 8 ਜੁਲਾਈ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ (2 ਘੰਟੇ) ਲਈ ਆਪਣੇ ਹਰ ਤਰ੍ਹਾਂ ਦੇ ਵਹੀਕਲ ਮੇਨ ਸੜਕਾਂ ਦੇ ਕਿਨਾਰੇ ‘ਤੇ ਬਿਨ੍ਹਾਂ ਸੜਕ ਰੋਕੇ ਖੜ੍ਹੇ ਕਰ ਦੇਣ ਨਾਲ ਹੀ ਉਨ੍ਹਾਂ ਕਿਹਾ ਕਿ ਖਾਲੀ ਗੈਸ ਸਿਲੰਡਰ ਰੱਖ ਕੇ ਮਹਿੰਗਾਈ ਦਾ ਵਿਰੋਧ ਕੀਤਾ ਜਾਵੇ।
ਪੰਜਾਬ ‘ਚ ਪੂਰੀ ਬਿਜਲੀ ਦੀ ਸਪਲਾਈ ਬਾਰੇ ਗੱਲ ਕਰਦਿਆਂ ਇਹ ਫੈਸਲਾਂ ਲਿਆ ਗਿਆ ਕਿ ਘਰੇਲੂ ਅਤੇ ਮੋਟਰਾਂ ਦੀ ਬਿਜਲੀ ਸਰਕਾਰ ਵਲੋਂ 8 ਘੰਟੇ ਨਹੀਂ ਦਿੱਤੀ ਜਾਂਦੀ ਹੈ, ਜੇਕਰ 5 ਜੁਲਾਈ ਤਕ ਬਿਜਲੀ ਦੀ ਸਪਲਾਈ ‘ਚ ਸੁਧਾਰ ਨਾ ਹੋਇਆ ਤਾਂ 6 ਜੁਲਾਈ ਨੂੰ ਪੰਜਾਬ ਦੀਆਂ ਜਥੇਬੰਦੀਆਂ ਵਲੋਂ ਮੋਤੀ ਮਹਿਲ ਅੱਗੇ ਧਰਨਾ ਦਿੱਤਾ ਜਾਵੇਗਾ। 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਪੰਜਾਬ ਦੇ ਬਿਜਲੀ ਮੁਲਾਜਮ ਜੋ ਕਿ ਚੱਲਦੇ ਧਰਨੇ ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਦੁਰਵਿਵਹਾਰ ਨਾ ਕੀਤਾ ਜਾਵੇ।
ਇਸ ਮੀਟਿੰਗ ‘ਚ ਸਰਦਾਰ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਕੁਲਦੀਪ ਸਿੰਘ ਵਜੀਦਪੁਰ, ਮਨਜੀਤ ਰਾਏ, ਬਲਵੰਤ ਸਿੰਘ, ਜਗਜੀਤ ਸਿੰਘ ਡੱਲੇਵਾਲ, ਲਖਵਿੰਦਰ ਸਿੰਘ, ਰੁਲਦੂ ਸਿੰਘ ਮਾਨਸਾ, ਅਵਤਾਰ ਸਿੰਘ ਮੇਹਲੋ, ਡਾ. ਦਰਸ਼ਨ ਪਾਲ, ਕੰਵਲਪ੍ਰੀਤ ਪੰਨੂੰ, ਜਸਵੀਰ ਸਿੰਘ, ਨਿਰਭੈ ਸਿੰਘ ਢੁਡੀਕੇ, ਹਰਜੀਤ ਰਵੀ, ਬਲਦੇਵ ਸਿੰਘ ਸਿਰਸਾ, ਬਲਦੇਵ ਨਿਹਲਗੜ੍ਹ ਆਦਿ ਹਾਜਰ ਸਨ।