ਗੁਰਦਾਸਪੁਰ: ਅਵਤਾਰ ਸਿੰਘ
ਹਰਗੋਬਿੰਦਪੁਰ : ਸ੍ਰੀ ਹਰਗੋਬਿੰਦਪੁਰ ਵਿੱਚ ਦੋ ਧਿਰਾਂ ‘ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਵਿਚ ਝੜਪ ਹੋ ਗਈ ਅਤੇ ਇਕ ਦੂਜੇ ਤੇ ਫਾਇਰਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਸੰਦੀਪ ਭੱਲਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੇ ਭੱਠੇ ਉੱਪਰ ਬੈਠਾ ਸੀ ਅਤੇ 2 ਵਜੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂੰ ਨੇ ਆਪਣੇ ਸਾਥੀਆਂ ਨਾਲ ਆ ਕੇ ਮੇਰੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ‘ਤੇ ਹੀ ਭੱਠੇ ‘ਤੇ ਕੰਮ ਕਰ ਰਹੇ ਲੇਬਰ ਨੇ ਮੇਰੀ ਜਾਨ ਬਚਾਈ । ਜਿਸ ‘ਚ ਕੰਮ ਕਰਦੇ ਇਕ ਨੌਜਵਾਨ ਨੂੰ ਸੱਟਾਂ ਲੱਗੀਆਂ ਜੋ ਕਿ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਰੰਜਿਸ਼ ਕੱਢਦੇ ਹੋਏ ਮੇਰੇ ‘ਤੇ ਹਮਲਾ ਕੀਤਾ ਗਿਆ ਹੈ।
ਜਦੋਂ ਇਸ ਬਾਰੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਕਿਸੇ ਕੰਮ ਤੋਂ ਹਰਚੋਵਾਲ ਤੋਂ ਆ ਰਿਹਾ ਸੀ ਤਾਂ ਰਸਤੇ ਵਿਚ ਸੰਦੀਪ ਭੱਲਾ ਨੇ ਸਾਨੂੰ ਰੋਕ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਨ੍ਹਾਂ ਦੇ ਬੰਦਿਆਂ ਨੇ ਸਾਡੇ ‘ਤੇ ਹਮਲਾ ਕਰਦਿਆਂ ਮੇਰੇ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਪਹਿਲਾਂ ਗੋਲੀ ਇਨ੍ਹਾਂ ਵੱਲੋਂ ਚਲਾਈ ਗਈ ਸੀ। ਅਸੀਂ ਆਪਣੀ ਜਾਨ ਬਚਾਉਣ ਲਈ ਅੱਗੋਂ ਗੋਲੀਆਂ ਚਲਾਈਆਂ ਸਨ। ਉਹਨਾਂ ਨੇ ਕਿਹਾ ਕਿ ਇਸ ਵਾਰ ਇਹਨਾਂ ਦੀ ਚੋਣਾਂ ਵਿਚ ਹਾਰ ਹੋਈ ਹੈ। ਇਸ ਲਈ ਇਹਨਾਂ ਨੇ ਇਹ ਸਭ ਕੀਤਾ ਹੈ। ਜਦੋਂ ਇਸ ਮਾਮਲੇ ਬਾਰੇ ਡੀ. ਐੱਸ. ਪੀ. ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।