ਸ੍ਰੀਲੰਕਾ ਵਿੱਚ ਭਾਰੀ ਮੀਂਹ, ਢਿੱਗਾਂ ਡਿੱਗਣ ਤੇ ਹੜ੍ਹਾਂ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਦੋ ਦਿਨਾਂ ਵਿੱਚ ਮੀਂਹ ਤੇ ਹੜ੍ਹਾਂ ਕਾਰਨ 2,50,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ। ‘ਆਫ਼ਤ ਪ੍ਰਬੰਧਨ ਕੇਂਦਰ’ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਕ ਦੇ ਪੱਛਮੀ, ਦੱਖਣੀ ਤੇ ਕੇਂਦਰੀ ਹਿੱਸਿਆਂ ਵਿੱਚ ਦੱਖਣੀ-ਪੱਛਮੀ ਮੌਨਸੂਨ ਆਉਣ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਇਲਾਵਾ ਢਿੱਗਾਂ ਡਿੱਗੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਰਾਨਾਇਕਾ ਵਿੱਚ ਸ਼ਨੀਵਾਰ ਨੂੰ ਢਿੱਗਾਂ ਹੇਠ ਦੱਬੇ ਜਾਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰ ਮਾਰੇ ਗਏ। ਇਸੇ ਤਰ੍ਹਾਂ ਹੋਰ ਕਈ ਵਿਅਕਤੀ ਵੀ ਢਿੱਗਾਂ ਡਿੱਗਣ ਤੇ ਨਦੀਆਂ ਦੇ ਤੇਜ਼ ਵਹਾਅ ’ਚ ਰੁੜ੍ਹਨ ਕਾਰਨ ਮਾਰੇ ਗਏ। ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਹੀ ਸੁਰੱਖਿਅਤ ਹਨ ਜਦਕਿ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ।

ਅੱਜ ਵੀ ਮੀਂਹ ਪੈਣ ਕਾਰਨ ਦੋ ਮੁੱਖ ਨਦੀਆਂ ਦੇ ਪਾਣੀ ਦਾ ਪੱਧਰ ਵਧਣਾ ਜਾਰੀ ਰਿਹਾ। ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਲਾਗੂ ਕਰਵਾਉਣ ’ਚ ਲੱਗੇ ਅਧਿਕਾਰੀਆਂ ਨੂੰ ਹੁਣ ਖਰਾਬ ਮੌਸਮ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।