ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਏਮਜ਼ ਹਸਪਤਾਲ ਨੇ ਆਪਣਾ ਸਟਾਫ਼ ਭੇਜਿਆ ਸੀ,ਤਾਂ ਜੋ ਮਰੀਜ਼ਾਂ ਦੇ ਇਲਾਜ਼ ਵਿੱਚ ਕੋਈ ਸਮੱਸਿਆ ਨਾ ਆਵੇ।ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪੰਜਾਬ ਦੇ ਕਈ ਜ਼ਿਿਲ੍ਹਆਂ ਸਮੇਤ ਹੋਰ ਰਾਜਾਂ ਤੋਂ ਵੀ ਮਰੀਜ਼ ਆ ਰਹੇ ਹਨ ਜਿਸ ਦੌਰਾਨ ਸਟਾਫ਼ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਦੇ ਕਹਿਣ ’ਤੇ ਏਮਜ਼ ਬਠਿੰਡਾ ਵੱਲੋਂ ਤਿੰਨ ਦਿਨ ਪਹਿਲਾਂ ਮੇਲ ਨਰਸਿੰਗ ਸਟਾਫ਼ ਦੇ ਪੰਜਾਹ ਮੈਂਬਰ ਭੇਜੇ ਗਏ ਸਨ।ਇਸ ਸਟਾਫ਼ ਨੂੰ ਇੱਥੇ ਫਿਜ਼ੀਕਲ ਕਾਲਜ ਵਿਚਲੇ ਹੋਸਟਲ ਵਿੱਚ ਠਹਿਰਾਇਆ ਗਿਆ।ਇਸ ਸਟਾਫ਼ ਦੁਆਰਾ ਖਾਣਾ ਚੰਗਾ ਨਾ ਹੋਣਾ ਤੇ ਖਾਣਾ ਸਮੇਂ ਸਿਰ ਨਾ ਮਿਲਣ ਦੇ ਦੋਸ਼ ਲਾਏ ਗਏ। ਸਟਾਫ਼ ਨੇ ਕਮਰਿਆਂ ’ਚ ਕੂਲਰ ਅਤੇ ਗੁਸਲਖ਼ਾਨਿਆਂ ਦੀ ਸਫ਼ਾਈ ਨਾ ਹੋਣ ਸਮੇਤ ਹੋਰ ਘਾਟਾਂ ਸਬੰਧੀ ਵੀ ਮੁੱਦਾ ਚੁੱਕਿਆ। ਇਸ ਸਟਾਫ਼ ਦੇ ਨੁਮਾਇੰਦਿਆਂ ਵਿਵੇਕ ਅਤੇ ਮੁਕੇਸ਼ ਸੈਣੀ ਸਮੇਤ ਕਈ ਹੋਰਾਂ ਨੇ ਦੋਸ਼ ਲਾਏ ਕਿ ਇਨ੍ਹਾਂ ਘਾਟਾਂ ਬਾਰੇ ਜਦੋਂ ਉਨ੍ਹਾਂ ਇੱਕ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤਾਂ ਅੱਗੋਂ ਉਸ ਦਾ ਗੱਲ ਕਰਨ ਦਾ ਰਵੱਈਆ ਠੀਕ ਨਹੀਂ ਸੀ ਜਿਸ ਕਾਰਨ ਉਨ੍ਹਾਂ ਭੁੱਖ ਹੜਤਾਲ ਕੀਤੀ।ਉਨ੍ਹਾਂ ਦਾ ਕਹਿਣਾ ਸੀ ਕਿ ਰਹਿਣ ਦਾ ਪ੍ਰਬੰਧ ਠੀਕ ਨਹੀਂ ਹੈ।
ਉੱਧਰ ਏਮਜ਼ ਬਠਿੰਡਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਇਹ ਸਟਾਫ਼ ਵਾਪਸ ਭੇਜਣ ਲਈ ਨਹੀਂ ਸੀ ਕਿਹਾ ਬਲਕਿ ਰਾਜਿੰਦਰਾ ਹਸਪਤਾਲ ਵੱਲੋਂ ਖ਼ੁਦ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਵਧੇਰੇ ਚਰਚਾ ਵਿੱਚ ਆਉਣ ’ਤੇ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਸ਼ੁਰੂ ਹੋ ਗਈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ‘ਆਪ’ ਆਗੂ ਹਰਮੀਤ ਪਠਾਣਮਾਜਰਾ, ਪ੍ਰੋੋ. ਸੁੁਮੇਰ ਸਿੰਘ ਅਤੇ ਇੰਦਰਜੀਤ ਸਿੰਘ ਸੰਧੂ ਸਮੇਤ ਕਈ ਹੋਰ ‘ਆਪ’ ਆਗੂਆਂ ਨੇ ਇਸ ਸਬੰਧੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ।ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੇ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਟਾਫ਼ ਉੱਚ ਪੱਧਰ ਦੀਆਂ ਕੁਝ ਅਜਿਹੀਆਂ ਸੁਵਿਧਾਵਾਂ ਦੀ ਮੰਗ ਕਰ ਰਹੇ ਸਨ,ਜੋ ਵਾਜਿਬ ਨਹੀਂ ਸਨ।ਉਨ੍ਹਾਂ ਨੇ ਦੱਸਿਆ ਕਿ ਸਟਾਫ਼ ਵੱਲੋਂ ਹੋਸਟਲ ਤੋਂ ਹਸਪਤਾਲ ਜਾਣ ਲਈ ਏ.ਸੀ.ਬੱਸ ਦੀ ਮੰਗ ਵੀ ਕੀਤੀ ਗਈ ਸੀ।
ਇਸ ਮਾਮਲੇ ’ਤੇ ਡਾਕਟਰੀ ਸਿੱਖਿਆ ਅਤੇ ਖੋਜਾਂ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਕੋਵਿਡ ਸੰਕਟ ਦੀ ਘੜੀ ਵਿੱਚ ਬਠਿੰਡਾ ਦੇ ਨਰਸਿੰਗ ਸਟਾਫ਼ ਨੂੰ ਜਿੱਥੇ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਸੀ।ਉੱਥੇ ਉਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਮਹੱਤਤਾ ਦਿੱਤੀ ਹੈ।ਅਜਿਹਾ ਕਰਕੇ ਉਨ੍ਹਾਂ ਨੇ ਆਪਣੇ ਕਿੱਤੇ ਨਾਲ ਵੀ ਧ੍ਰੋਹ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆਂ ਸੰਕਟ ਦੀ ਇਸ ਘੜੀ ਵਿੱਚ ਡਾਕਟਰਾਂ ਅਤੇ ਸਟਾਫ਼ ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਰਾਹੀਂ ਇਸ ਘਾਤਕ ਵਾਇਰਸ ਦਾ ਟਾਕਰਾ ਕਰ ਰਹੀ ਹੈ ਅਤੇ ਆਮ ਲੋਕ ਵੀ ਮਨੁੱਖਤਾ ਲਈ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ ਤਾਂ ਉਸ ਸਮੇਂ ਏਮਜ਼ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਭੇਜੇ ਗਏ ਨਰਸਿੰਗ ਸਟਾਫ਼ ਵੱਲੋਂ ਬਿਨਾਂ ਕਾਰਨ ਧਰਨਾ ਲਗਾ ਕੇ ਜ਼ਿੰਦਗੀ ਲਈ ਲੜ ਰਹੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਸ਼ ਨਰਸਿੰਗ ਸਟਾਫ਼ ਆਉਣ ਦੀ ਸੂਚਨਾ ਮਿਲਣ ’ਤੇ ਸੋਮਵਾਰ ਸ਼ਾਮ ਨੂੰ ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਫਿਜ਼ੀਕਲ ਕਾਲਜ ਦੇ ਹੋਸਟਲ ਵਿੱਚ ਕੀਤਾ ਸੀ ਜਿਸ ਦੌਰਾਨ ਸਾਰੇ ਲੋੜੀਂਦੇ ਪ੍ਰਬੰਧ ਹੋਸਟਲ ਵਾਰਡਨ ਵੱਲੋਂ ਐੱਸਡੀਐੱਮ, ਪਿ੍ੰਸੀਪਲ ਅਤੇ ਮੈਡੀਕਲ ਸੁਪਰਡੈਂਟ ਦੀ ਮੌਜੂਦਗੀ ’ਚ ਕਰਵਾਏ ਗਏ ਸਨ। ਉਨ੍ਹਾਂ ਹੋਸਟਲ ਮੈੱਸ ਵਿੱਚ ਵਧੀਆ ਖਾਣੇ ਦਾ ਪ੍ਰਬੰਧ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਲਈ ਲਿਜਾਇਆ ਗਿਆ ਤਾਂ ਸਟਾਫ਼ ਨੇ ਪੀਪੀਈ ਕਿੱਟ ਨਾ ਪਹਿਨਣੀ ਆਉਂਦੀ ਸਮੇਤ ਸੈਂਪਲ ਲੈਣ ਵਿੱਚ ਵੀ ਅਸਮਰਥੱਤਾ ਜ਼ਾਹਰ ਕਰਨ ਸਮੇਤ ਉੱਚ ਅਧਿਕਾਰੀਆਂ ਨਾਲ ਬਦਤਮੀਜ਼ੀ ਵੀ ਕੀਤੀ ਗਈ।ਇਸ ਲਈ ਇਸ ਸਟਾਫ਼ ਨੂੰ ਬਠਿੰਡਾ ਵਾਪਸ ਭੇਜ ਦਿੱਤਾ ਗਿਆ ਹੈ। ਸ੍ਰੀ ਸੋਨੀ ਨੇ ਸ਼ੰਕਾ ਜ਼ਾਹਰ ਕੀਤੀ ਕਿ ਸਟਾਫ਼ ਵੱਲੋਂ ਕਿਸੇ ਸਿਆਸੀ ਸਾਜਿਸ਼ ਦਾ ਹਿੱਸਾ ਬਣਦਿਆਂ ਹੀ ਅਜਿਹਾ ਕੀਤਾ ਜਾ ਰਿਹਾ ਹੈ।