ਡਿਫੈਂਡਿੰਗ ਵਰਲਡ ਚੈਂਪੀਅਨ ਫਰਾਂਸ ਨੇ ਯੂਰੋ 2020 ਦੇ ਗਰੁੱਪ ਐਫ ਮੈਚ ਵਿੱਚ 2014 ਦੇ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ ਹੈ। ਮੇਜ਼ਬਾਨ ਜਰਮਨੀ ਟੀਮ ਆਪਣੇ ਘਰੇਲੂ ਸਟੇਡੀਅਮ ਅਲੀਆਂਜ਼ ਅਰੇਨਾ ਵਿਖੇ ਖੇਡੇ ਗਏ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਗੋਲ ਕਰਨ ਵਿੱਚ ਅਸਫਲ ਰਹੀ।
ਮੈਚ ਦੇ 20 ਵੇਂ ਮਿੰਟ ਵਿੱਚ ਦਿਲਚਸਪ ਬਦਲਾਅ ਆਇਆ,ਕਿਸਮਤ ਨੇ ਫਰਾਂਸ ਦਾ ਪੱਖ ਪੂਰਿਆ ਅਤੇ ਮੇਜ਼ਬਾਨ ਜਰਮਨੀ ਦੇ ਮੇਟਸ ਹੁਮੇਲਸ ਗੇਂਦ ਨੂੰ ਆਪਣੇ ਹੀ ਨੈੱਟ ਵਿੱਚ ਮਾਰ ਬੈਠੇ। ਹੁਮੇਲਸ ਦੇ ਇਸ ਆਤਮਘਾਤੀ ਗੋਲ ਨੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ। ਅੰਤ ਤੱਕ ਇਸ ਵਧੀਆ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਮਹਿਮਾਨ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਤੋਂ ਬਾਅਦ ਪੁਰਤਗਾਲ ਗਰੁੱਪ-ਐਫ ਵਿੱਚ ਚੋਟੀ ‘ਤੇ ਹੈ। ਉਸ ਤੋਂ ਬਾਅਦ ਫਰਾਂਸ ਹੈ।
ਇਸ ਤੋਂ ਪਹਿਲਾਂ, ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਹੰਗਰੀ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਇਤਿਹਾਸਕ ਮੈਚ ਵਿੱਚ ਪੁਰਤਗਾਲ ਨੇ ਰੋਨਾਲਡੋ ਵੱਲੋਂ ਕੀਤੇ ਦੋ ਗੋਲ ਦੀ ਮਦਦ ਨਾਲ ਹੰਗਰੀ ਨੂੰ 3-0 ਨਾਲ ਹਰਾਇਆ। ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਹੰਗਰੀ ਖਿਲਾਫ ਖੇਡੇ ਗਏ ਯੂਰੋ 2020 ਦੇ ਪੁਰਤਗਾਲ ਦੇ ਪਹਿਲੇ ਮੈਚ ਵਿੱਚ ਮੈਦਾਨ ‘ਚ ਕਦਮ ਰੱਖਦਿਆਂ ਹੀ ਇੱਕ ਨਵਾਂ ਇਤਿਹਾਸ ਰੱਚ ਦਿੱਤਾ। ਰੋਨਾਲਡੋ ਯੂਰਪੀਅਨ ਚੈਂਪੀਅਨਸ਼ਿਪ ਦੇ ਪੰਜ ਐਡੀਸ਼ਨਾਂ ਵਿੱਚ ਖੇਡਣ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ ਹੈ।