ਇੰਗਲੈਂਡ ਖ਼ਿਲਾਫ਼ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ । 75 ਦੌੜਾਂ ਦੀ ਪਾਰੀ ਖੇਡਣ ਵਾਲੀ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਬਣ ਗਈ ਹੈ। ਮਿਤਾਲੀ ਰਾਜ ਨੇ ਲਗਾਤਾਰ ਤੀਸਰਾ ਅਰਧ ਸੈਂਕੜਾ ਲਗਾਉਂਦੇ ਹੋਏ ਭਾਰਤ ਨੂੰ ਚਾਰ ਵਿਕਟਾਂ ਨਾਲ ਜਿੱਤ ਵੀ ਹਾਸਿਲ ਕਰਵਾਈ। ਮਿਤਾਲੀ ਨੇ ਇੰਗਲੈਂਡ ਦੀ ਚਾਰਲੋਟ ਐਡਵਰਡਸ ਨੂੰ ਪਿੱਛੇ ਛੱਡ ਦਿੱਤਾ, ਜਿਸ ਦੇ ਨਾਂ 10273 ਦੌੜਾਂ ਹਨ।

ਮਿਤਾਲੀ ਰਾਜ ਹੁਣ ਮਹਿਲਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਇਸ ਸੂਚੀ ਵਿੱਚ ਨਿਊਜ਼ੀਲੈਂਡ ਦੇ ਸੂਜ਼ੀ ਬੈਟਸ 7849 ਦੌੜਾਂ ਨਾਲ ਤੀਜੇ ਸਥਾਨ ‘ਤੇ ਹਨ। ਇੰਗਲੈਂਡ ਦੇ ਖਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਵਿੱਚ ਮਿਤਾਲੀ ਰਾਜ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਤਿੰਨਾਂ ਮੁਕਾਬਲਿਆਂ ਵਿੱਚ ਮਿਤਾਲੀ ਨੇ ਅਰਧ ਸੈਂਕੜੇ ਲਗਾਏ। ਪੂਰੀ ਸੀਰੀਜ਼ ਦੌਰਾਨ ਮਿਤਾਲੀ ਰਾਜ ਇੱਕ ਸਿਰੇ ‘ਤੇ ਬਹੁਤ ਦ੍ਰਿੜਤਾ ਨਾਲ ਖੜ੍ਹੀ ਰਹੀ।

ਮਿਤਾਲੀ ਰਾਜ ਨੇ ਪਹਿਲੇ ਵਨਡੇ ਵਿੱਚ 72 ਦੌੜਾਂ ਬਣਾਈਆਂ । ਦੂਜੇ ਵਨਡੇ ਮੈਚ ਵਿੱਚ ਮਿਤਾਲੀ ਰਾਜ 59 ਦੌੜਾਂ ਦੀ ਪਾਰੀ ਖੇਡਣ ਵਿੱਚ ਕਾਮਯਾਬ ਰਹੀ, ਜਦਕਿ ਤੀਜੇ ਵਨਡੇ ਵਿੱਚ ਨਾਬਾਦ 75 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਕਲੀਨ ਸਵੀਪ ਤੋਂ ਬਚਾਅ ਲਿਆ । ਮਿਤਾਲੀ ਰਾਜ ਇਸ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਅਤੇ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੀ ਖਿਡਾਰੀ ਰਹੀ ਹੈ।

ਇਸ ਦੇ ਨਾਲ ਹੀ 16 ਸਾਲ ਦੀ ਉਮਰ ਵਿੱਚ ਡੈਬਿਊ ਕਰਨ ਵਾਲੀ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ 22 ਸਾਲ ਪੂਰੇ ਕੀਤੇ ਹਨ । ਸਚਿਨ ਤੇਂਦੁਲਕਰ ਤੋਂ ਇਲਾਵਾ ਉਹ 22 ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਦੂਜੀ ਖਿਡਾਰੀ ਹੈ।

 

LEAVE A REPLY

Please enter your comment!
Please enter your name here