ਜਲੰਧਰ : ਜਲੰਧਰ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਆਪਣੀ ਪਤਨੀ, ਬੱਚਿਆਂ ਅਤੇ ਸਾਲੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਗਾਇਕ ਦੇ ਘਰ ਦੇ ਬਾਹਰ ਕਰੀਬ ਦੋ ਘੰਟੇ ਤਕ ਹੰਗਾਮਾ ਹੋਇਆ, ਜਿਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ ‘ਤੇ ਪਹੁੰਚੇ। ਜਦੋਂ ਇਸ ਦੇ ਬਾਰੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਤਪ ਪੁੱਛਿਆ ਗਿਆ ਤਾਂ ਉਸ ਨੇ ਇਸ ਘਟਨਾ ਨੂੰ ਮਾਮੂਲੀ ਦੱਸਿਆ ਅਤੇ ਕਿਹਾ ਕਿ ਉਸ ਦੀ ਸਾਲੀ ਦੀਆਂ ਗੱਲਾਂ ‘ਚ ਆ ਕੇ ਪਤਨੀ ਝਗੜਾ ਕਰ ਰਹੀ ਹੈ। ਮੌਕੇ ‘ਤੇ ਪਹੁੰਚੀ ਥਾਣਾ ਇੰਚਾਰਜ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਗਾਇਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਦੱਸਿਆ ਕਿ ਉਸ ਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ। ਉਸ ਨੇ ਦੱਸਿਆ ਕਿ ਘਰ ‘ਚ ਕਿਰਾਏਦਾਰ ਰੱਖਣੇ ਸਨ, ਜਿਸ ਲਈ ਕੁਝ ਲੋਕਾਂ ਨੂੰ ਕਿਹਾ ਗਿਆ ਸੀ। ਸੋਮਵਾਰ ਸ਼ਾਮ ਨੂੰ ਕਿਰਾਏਦਾਰ ਘਰ ਦੇਖਣ ਲਈ ਆਏ ਤਾਂ ਲਹਿੰਬਰ ਨੇ ਉਨ੍ਹਾਂ ‘ਤੇ ਦੋਸ਼ ਲਾਇਆ ਕਿ ਉਹ ਗ਼ਲਤ ਆਦਮੀ ਲੈ ਕੇ ਘਰ ਆ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਅਤੇ ਪਿਸਤੌਲ ਅਤੇ ਹਥਿਆਰ ਨਾਲ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਸੀ ਕਿ ਲਹਿੰਬਰ ਨੇ ਆਪਣੀ ਪਤਨੀ, ਸਾਲੀ, ਬੱਚਿਆਂ ਅਤੇ ਦੂਜੇ ਸ਼ਹਿਰ ਤੋਂ ਇਲਾਜ ਕਰਵਾਉਣ ਲਈ ਆਈ ਸਾਲੀ ਨੂੰ ਵੀ ਕੁੱਟਿਆ।