ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਕਾਰਨਵਾਲ ਵਿੱਚ G-7 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਕਿ ਦੁਨੀਆ ਦੇ ਨੇਤਾਵਾਂ ਨੇ ਅਗਲੇ ਸਾਲ ਦੇ ਅੰਤ ਤੱਕ ਗਰੀਬ ਦੇਸ਼ਾਂ ਨੂੰ ਕੋਵਿਡ-19 ਦੀ ਰੋਕਥਾਮ ਲਈ ਟੀਕਿਆਂ ਦੀਆਂ ਇੱਕ ਅਰਬ ਡੋਜ਼ਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ ।

ਦਰਅਸਲ, G-7 ਸੰਮੇਲਨ ਵਿੱਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਤੋਂ ਇਲਾਵਾ ਮਹਿਮਾਨ ਦੇਸ਼ ਦੇ ਤੌਰ ‘ਤੇ ਦੱਖਣੀ ਕੋਰੀਆ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਭਾਰਤ ਨੇ ਡਿਜੀਟਲ ਮਾਧਿਅਮ ਰਾਹੀਂ ਹਿੱਸਾ ਲਿਆ ।
ਜਾਨਸਨ ਨੇ ਬ੍ਰਿਟੇਨ ਵਿੱਚ ਵਿਕਸਿਤ ਆਕਸਫੋਰਡ-ਐਸਟਰਾਜ਼ੇਨੇਕਾ ਦੇ ਟੀਕੇ ਦੀ ਵਿਸ਼ੇਸ਼ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ‘ਕੋਵਿਸ਼ਿਲਡ’ ਨਾਮ ਤੋਂ ਇਸ ਟੀਕੇ ਦਾ ਉਤਪਾਦਨ ਕਰ ਰਹੀ ਹੈ।
ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਹਰ ਦੇਸ਼ ਦੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸੰਸਥਾ ‘ਗਲੋਬਲ ਪਾਰਟਨਰਸ਼ਿਪ ਫਾਰ ਐਜੂਕੇਸ਼ਨ’ ਦੀ ਵੀ ਸ਼ਲਾਘਾ ਕੀਤੀ, ਜਿਸਦਾ ਟੀਚਾ ਹੈ ਕਿ ਦੁਨੀਆ ਵਿੱਚ ਹਰ ਬੱਚੇ ਨੂੰ ਸਹੀ ਸਿੱਖਿਆ ਦਾ ਮੌਕਾ ਮਿਲੇ । ਬ੍ਰਿਟੇਨ ਨੇ ਵੀ ਇਸ ਸੰਸਥਾ ਨੂੰ 43 ਮਿਲੀਅਨ ਪੌਂਡ ਦੀ ਮਦਦ ਦਿੱਤੀ। ਜਾਨਸਨ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ G-7 ਦੇਸ਼ਾਂ ਨੇ ਅਗਲੇ ਪੰਜ ਸਾਲਾਂ ਵਿੱਚ 4 ਕਰੋੜ ਅਤੇ ਬੱਚਿਆਂ ਨੂੰ ਸਕੂਲ ਪਹੁੰਚਾਉਣ ਅਤੇ ਪ੍ਰਾਥਮਿਕ ਸਕੂਲਾਂ ਵਿੱਚ ਦੋ ਕਰੋੜ ਬੱਚਿਆਂ ਨੂੰ ਪਹੁੰਚਾਉਣ ‘ਤੇ ਸਹਿਮਤੀ ਦਿੱਤੀ ਹੈ।