ਚੰਡੀਗੜ੍ਹ: ਸੀਨੀਅਰ ਵਕੀਲ ਐਚਸੀ ਅਰੋੜਾ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਡਾਲਰ ਕੰਪਨੀ ਵਿਰੁੱਧ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਏਐਸਆਈਸੀ ਚੰਡੀਗੜ੍ਹ ਵਿੱਚ ਦੋ ਵੱਖਰੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਹਨ। ਸ਼ਿਕਾਇਤ ਦੇ ਅਨੁਸਾਰ, ਅਦਾਕਾਰ ਅਤੇ ਕੰਪਨੀ ਨੇ ਅੰਡਰਗਾਰਮੈਂਟਸ ਦੇ ਇਸ਼ਤਿਹਾਰ ਵਿੱਚ ਇਲੈਕਟ੍ਰੌਨਿਕ ਮੀਡੀਆ ਉੱਤੇ ਅਸ਼ਲੀਲ, ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸਦੇ ਨਾਲ ਹੀ ਇਸ ਇਸ਼ਤਿਹਾਰ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਹੈ।
ਵਕੀਲ ਨੇ ਕਿਹਾ ਹੈ ਕਿ “ਉਪਰੋਕਤ ਸੰਵਾਦ ਉਨ੍ਹਾਂ ਮਾਪਿਆਂ ਲਈ ਬਹੁਤ ਸ਼ਰਮਨਾਕ ਹੈ ਜੋ ਆਪਣੀਆਂ ਧੀਆਂ ਨਾਲ ਟੀਵੀ ਦੇਖ ਰਹੇ ਹਨ। ਉਹ ਟੀਵੀ ਚੈਨਲ ਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਇਸ਼ਤਿਹਾਰ ਲਗਭਗ ਹਰ ਅੱਧੇ ਘੰਟੇ ਵਿੱਚ ਅਚਾਨਕ ਆਉਂਦਾ ਹੈ। ਮਹਿਲਾਵਾਂ ਦੇ ਸਨਮਾਨ ਨੂੰ ਧਿਆਨ ‘ਚ ਰੱਖਦੇ ਹੋਏ ਟੀਵੀ ਚੈੱਨਲਾਂ ਨੂੰ ਇਸ ਇਸ਼ਤਿਹਾਰ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ ਕਿਉਂਕਿ ਅਸ਼ਲੀਲ ਇਸ਼ਤਿਹਾਰਬਾਜ਼ੀ ਦਾ ਪ੍ਰਦਰਸ਼ਨ ਆਈਪੀਸੀ ਦੇ ਅਧੀਨ ਅਪਰਾਧ ਹੈ।