ਐਲੋਪੈਥੀ ਬਾਰੇ ਯੋਗ ਗੁਰੂ ਰਾਮਦੇਵ ਦੀਆਂ ਟਿਪਣੀਆਂ ਤੋਂ ਨਾਰਾਜ਼ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 1 ਜੂਨ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨਗੇ ਅਤੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ। ਕਨਫੈਡਰੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਰਾਮਦੇਵ ਨੂੰ “ਜਨਤਕ ਤੌਰ ‘ਤੇ ਬਿਨਾਂ ਸ਼ਰਤ ਮੁਆਫੀ ਮੰਗਣ” ਲਈ ਕਿਹਾ ਹੈ।
ਰਾਮਦੇਵ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਕੁਝ ਦਵਾਈਆਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਵਿਵਾਦ ਵਧ ਗਿਆ ਸੀ। ਹਾਲ ਹੀ ਵਿਚ, ਸੋਸ਼ਲ ਮੀਡੀਆ ‘ਤੇ ਜਾਰੀ ਇਕ ਵੀਡੀਓ ਵਿਚ, ਬਾਬਾ ਰਾਮਦੇਵ ਕਥਿਤ ਤੌਰ ‘ਤੇ ਐਲੋਪੈਥੀ ਨੂੰ ‘ਇਕ ਸਟੂਪਿਡ’ ਅਤੇ ‘ਦਿਵਾਲੀਆ ਸਾਇੰਸ’ ਕਹਿੰਦੇ ਹੋਏ ਦਿਖਾਈ ਦਿੱਤੇ ਸਨ।
ਰਾਮਦੇਵ ਨੇ ਕਿਹਾ ਕਿ ਕੋਵਿਡ -19 ਲਈ ਐਲੋਪੈਥਿਕ ਦਵਾਈਆਂ ਲੈਣ ਕਾਰਨ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਕੁਝ ਦਵਾਈਆਂ ਬਾਰੇ ਸਵਾਲ ਵੀ ਚੁੱਕੇ।
ਰਾਮਦੇਵ ਦੀਆਂ ਟਿਪਣੀਆਂ ਦਾ ਸਖਤ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ। ਰਾਮਦੇਵ ਐਤਵਾਰ (23 ਮਈ) ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਹੋਏ। ਪਰ ਅਗਲੇ ਦਿਨ ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਇੱਕ ਖੁੱਲਾ ਪੱਤਰ ਲਿਖਿਆ । ਉਨ੍ਹਾਂ ਨੇ ਪੁੱਛਿਆ ਕਿ ਕੀ ਐਲੋਪੈਥੀ ਬਿਮਾਰੀਆਂ ਤੋਂ ਪੱਕੇ ਤੌਰ ‘ਤੇ ਛੁਟਕਾਰਾ ਦਿੰਦੀ ਹੈ। ਉਨ੍ਹਾਂ ਦੁਆਰਾ ਅਜਿਹੀਆਂ ਟਿੱਪਣੀਆਂ ਕਰਨ ਨਾਲ ਡਾਕਟਰਾਂ ਵੱਲੋਂ ਬਹੁਤ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।