ਮਹਿੰਗੀ ਬਿਜਲੀ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਨਹੀਂ ਮਿਲ ਰਹੀ 8 ਘੰਟੇ ਬਿਜਲੀ
ਕੈਪਟਨ ਨੇ ਮਿਲੀਭੁਗਤ ਕਾਰਨ ਬਾਦਲਾਂ ਵੱਲੋਂ ਕੀਤੇ ਸਮਝੌਤਿਆਂ ‘ਤੇ ਨਾ ਕੀਤੀ ਕੋਈ ਕਾਰਵਾਈ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਮਹਿੰਗੀ ਬਿਜਲੀ ਹੋਣ ਦੇ ਬਾਵਜੂਦ ਆਮ ਲੋਕਾਂ ਅਤੇ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਕਿਉਂਕਿ ਪਿਛਲੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨਾਲ ਗਲਤ ਬਿਜਲੀ ਸਮਝੌਤੇ ਕੀਤੇ ਸਨ। ਉਨ੍ਹਾਂ ਕਿਹਾ ਕਿ ਗਲਤ ਬਿਜਲੀ ਸਮਝੌਤਿਆਂ ਕਾਰਨ ਪੰਜਾਬ ਵਿੱਚ ਬਿਜਲੀ ਦੀ ਘਾਟ ਬਣੀ ਹੋਈ ਹੈ ਅਤੇ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ ਬਿਜਲੀ ਦੇਣ ਲਈ ਘਰਾਂ ਦੀ ਸਪਲਾਈ ‘ਤੇ ਵੀ 4 ਤੋਂ 5 ਘੰਟੇ ਦੇ ਕੱਟ ਲਾਏ ਜਾ ਰਹੇ ਹਨ।
ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਗਲਤ ਸਮਝੌਤਿਆਂ ਕਾਰਨ ਬਿਜਲੀ ਦੀ ਘਾਟ ਦਾ ਨੁਕਸਾਨ ਸਮੂਹ ਪੰਜਾਬ ਵਾਸੀਆਂ ਨੂੰ ਸਹਿਣਾ ਪੈ ਰਿਹਾ ਹੈ ਕਿਉਂਕਿ ਝੋਨੇ ਦੀ ਲੁਆਈ ਦੇ ਸੀਜਨ ਦੌਰਾਨ ਨਾ ਤਾਂ ਟਿਊਬਵੈਲਾਂ ਨੂੰ 8 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਨਾ ਹੀ ਘਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਹੋਰਨਾਂ ਰਾਜਾਂ ਤੋਂ ਮਹਿੰਗੀ ਬਿਜਲੀ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਲਤ ਬਿਜਲੀ ਸਮਝੌਤਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਇਹ ਸਮਝੌਤੇ ਰੱਦ ਕੀਤੇ ਜਾਣੇ ਚਾਹੀਦੇ ਹਨ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰੇਸਾਨ ਕੀਤਾ ਜਾ ਰਿਹਾ ਹੈ ਕਿਉਂਕਿ ਝੋਨੇ ਦੀ ਲੁਆਈ ਲਈ 8 ਘੰਟੇ ਬਿਜਲੀ ਦੀ ਸਪਲਾਈ ਪੂਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਿਟਡ (ਪੀਐਸਪੀਸੀਐਲ) ਨੇ ਆਕਲੀ ਭਾਜਪਾ ਸਰਕਾਰ ਵੱਲੋਂ ਲਾਏ ਗਏ ਤਿੰਨ ਪ੍ਰਾਈਵੇਟ ਬਿਜਲੀ ਪਾਵਰ ਪਲਾਂਟਾਂ ਨੂੰ ਹੁਣ ਤੱਕ 20,000 ਕਰੋੜ ਰੁਪਏ ਫਿਕਸ ਚਾਰਜ ਦੇ ਰੂਪ ਵਿੱਚ ਦਿੱਤੇ ਹਨ, ਜਿਨਾਂ ਵਿੱਚੋਂ ਕਰੀਬ 5700 ਕਰੋੜ ਰੁਪਏ ਦੀ ਅਦਾਇਗੀ ਬਿਨਾਂ ਬਿਜਲੀ ਲਏ ਕੀਤੀ ਗਈ ਹੈ। ਚੀਮਾ ਨੇ ਕਿਹਾ ਕਿ ਬਿਨਾਂ ਬਿਜਲੀ ਖਰੀਦੇ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਪੈਸੇ ਬਾਦਲ ਸਰਕਾਰ ਵੱਲੋਂ ਕੀਤੇ ਗਲਤ ਸਮਝੌਤਿਆਂ ਕਾਰਨ ਦੇਣੇ ਪਏ ਹਨ, ਜਿਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਵੀ ਜ਼ਿੰਮੇਵਾਰ ਹਨ।
ਆਪ ਆਗੂ ਨੇ ਕਿਹਾ ਕਿ ਗਲਤ ਸਮਝੌਤਿਆਂ ਕਾਰਨ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਬਿਨਾਂ ਬਿਜਲੀ ਉਤਪਾਦਨ ਕੀਤੇ ਨੁਕਸਾਨ ਦੀ ਅਦਾਇਗੀ ਪੀਐਸਪੀਸੀਐਲ ਨੂੰ ਕਰਨੀ ਪੈਂਦੀ ਹੈ, ਪਰ ਲੋੜ ਸਮੇਂ ਬਿਜਲੀ ਦੀ ਪੂਰਤੀ ਨਾ ਕਾਰਨ ‘ਤੇ ਇਨਾਂ ਪਾਵਰਾਂ ਪਲਾਂਟਾਂ ਨੂੰ ਜੁਰਮਾਨਾ ਕਰਨ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਇਸ ਤੋਂ ਸਪਸਟ ਹੁੰਦਾ ਹੈ ਕਿ ਤਤਕਾਲੀ ਸਰਕਾਰ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਵਿਚਕਾਰ ਹੋਏ ਸਮਝੌਤੇ ਪੰਜਾਬ ਅਤੇ ਖੇਤੀਬਾੜੀ ਵਿਰੁੱਧ ਹਨ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀਆਂ ਗਲਤ ਨੀਤੀਆਂ ਨੇ ਲੋਕਾਂ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਨ੍ਹਾਂ ਆਗੂਆਂ ਨੇ ਪੰਜਾਬ ਵਿਚੋਂ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਨੂੰ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਦੀ ਜਾਂਚ ਕਰਨ ਅਤੇ ਵਾਈਟ ਪੇਪਰ ਜਾਰੀ ਕਾਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਬਿਜਲੀ ਸਮਝੌਤਿਆਂ ਦੀ ਜਾਂਚ ਕਰਵਾਈ ਅਤੇ ਨਾ ਹੀ ਵਾਈਟ ਪੇਪਰ ਜਾਰੀ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਕੰਪਨੀਆਂ ਨਾਲ ਮਿਲੇ ਹੋਣ ਦਾ ਦੋਸ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਣਬੁੱਝ ਕੇ ਸਰਕਾਰੀ ਪਾਵਰ ਪਲਾਂਟ ਬੰਦ ਕੀਤੇ ਹਨ, ਤਾਂ ਜੋ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਲਤ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਅਤੇ ਬਿਜਲੀ ਸਪਲਾਈ ਦੀ ਸੁਚੱਜਾ ਪ੍ਰਬੰਧ ਕੀਤਾ ਜਾਵੇ।