ਚੰਡੀਗੜ੍ਹ : ਹੁਣ ਤੱਕ ਤਾਂ ਕੋਰੋਨਾ ਮਹਾਂਮਾਰੀ ਨੇ ਹੀ ਕਹਿਰ ਮਚਾ ਰੱਖਿਆ ਸੀ,ਪਰ ਹੁਣ ਬਲੈਕ ਫੰਗਸ ਬਿਮਾਰੀ ਵੀ ਲੋਕਾਂ ਨੂੰ ਆਪਣੀ ਪਕੜ ‘ਚ ਲੈ ਰਹੀ ਹੈ। ਇੱਕ ਪਾਸੇ ਜਿਥੇ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕ ਬਲੈਕ ਫੰਗਸ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਪੀਜੀਆਈ ਚੰਡੀਗੜ੍ਹ ਦੀ ਇਕ ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

ਜਿਸ ਮੁਤਾਬਕ ਹੁਣ ਤੱਕ ਬਲੈਕ ਫੰਗਸ ਯਾਨੀ ਮਿਊਕਰਮਾਇਕੋਸਿਸ ਦੇ ਜਿੰਨੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ 50 ਫੀਸਦੀ ਮਰੀਜ਼ ਅਜਿਹੇ ਹਨ ਜੋ ਕੋਰੋਨਾ ਦੀ ਲਪੇਟ ਵਿੱਚ ਕਦੇ ਆਏ ਹੀ ਨਹੀਂ ਸਨ। ਇਸਦੇ ਬਾਵਜੂਦ ਇਹ ਲੋਕ ਬਲੈਕ ਫੰਗਸ ਦੀ ਬਿਮਾਰੀ ਨਾਲ ਜੂਝ ਰਹੇ ਹਨ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਬਲੈਕ ਫੰਗਸ ਦੀ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਨਹੀਂ ਫੈਲਦੀ, ਪਰ ਇਹ ਬਿਮਾਰੀ ਨਿਸ਼ਚਿਤ ਤੌਰ ’ਤੇ ਹਵਾ ਰਾਹੀਂ ਫੈਲਦੀ ਹੈ।

ਇਸ ਸਮੇਂ ਬਲੈਕ ਫੰਗਸ ਦੇ 189 ਮਰੀਜ਼ ਪੀਜੀਆਈ ਵਿੱਚ ਦਾਖਲ ਹਨ। ਇਨ੍ਹਾਂ ਵਿੱਚ 122 ਆਦਮੀ ਅਤੇ 67 ਔਰਤਾਂ ਬਲੈਕ ਫੰਗਸ ਦੀ ਬਿਮਾਰੀ ਤੋਂ ਪੀੜਤ ਹਨ। ਪੀਜੀਆਈ ਮੁਤਾਬਕ ਇਨ੍ਹਾਂ 189 ਬਲੈਕ ਫੰਗਸ ਦੇ ਮਰੀਜ਼ਾਂ ਵਿੱਚੋਂ 50 ਫੀਸਦੀ ਉਹ ਲੋਕ ਹਨ ਜੋ ਪਹਿਲਾਂ ਕੋਰੋਨਾ ਪੌਜਟਿਵ ਨਹੀਂ ਹੋਏ ਹਨ।

ਇਨ੍ਹਾਂ ਵਿੱਚੋਂ 50 ਫੀਸਦੀ ਮਰੀਜ਼ਾਂ ਨੂੰ ਜ਼ਿਆਦਾ ਸਟੀਰਾਇਡ ਦੀ ਵਰਤੋਂ ਅਤੇ ਵਧੇਰੇ ਸ਼ੂਗਰ ਪੀੜਤ ਹੋਣ ਕਰਕੇ ਇਸ ਬੀਮਾਰੀ ਦੇ ਸ਼ਿਕਾਰ ਹੋਏ ਹਨ। ਬਲੈਕ ਫੰਗਸ ਬਿਮਾਰੀ ਕਾਰਨ ਹੁਣ ਤੱਕ ਪੀਜੀਆਈ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਮਹਾਂਮਾਰੀ ਤੇ ਬਲੈਕ ਫੰਗਸ ਦੋਵੇਂ ਹੀ ਬਿਮਾਰੀਆਂ ਲੋਕਾਂ ਨੂੰ ਘਾਤਕ ਹਾਨੀ ਪਹੁੰਚਾ ਰਹੀਆਂ ਹਨ।

 

LEAVE A REPLY

Please enter your comment!
Please enter your name here