ਬਲੈਕ ਫੰਗਸ ਨੇ ਮਚਾਇਆ ਅੰਮ੍ਰਿਤਸਰ ‘ਚ ਕਹਿਰ

0
39

ਅੰਮ੍ਰਿਤਸਰ : ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਇੱਕ ਹੋਰ ਭਿਆਨਕ ਬਿਮਾਰੀ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ 2 ਅਤੇ ਕੋਰੋਨਾ ਮਰੀਜ਼ਾਂ ’ਚ ਬਲੈਕ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ’ਚ ਹੁਣ ਤੱਕ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸਦੇ ਇਲਾਵਾ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਫੋ-ਬੀ ਇੰਜੈਕਸ਼ਨ ਨਹੀਂ ਮਿਲ ਰਹੇ ਹਨ। ਉਕਤ ਹਸਪਤਾਲਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ’ਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ ਪਹਿਲਾਂ ਕੋਰੋਨਾ ਵਾਇਰਸ ਲੋਕਾਂ ਨੂੰ ਡਰਾ ਰਿਹਾ ਸੀ ਪਰ ਇਕ ਦਮ ਤੋਂ ਹੀ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਅੰਮ੍ਰਿਤਸਰ ਦੇ ਲੋਕਾਂ ’ਚ ਹੋਰ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹੇ ’ਚ ਬਲੈਕ ਫੰਗਸ ਦੇ ਦੋ ਨਵੇਂ ਮਰੀਜ਼ ਰਿਪੋਰਟ ਹੋਏ ਹਨ। ਦੋਵੇਂ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ ਹਨ। ਬੀਤੇ ਸੋਮਵਾਰ ਨੂੰ ਡਾਕਟਰਾਂ ਨੇ ਕੋਰੋਨਾ ਇਨਫ਼ੈਕਟਿਡ 5 ਮਰੀਜ਼ਾਂ ਦੇ ਸੈਂਪਲ ਲਏ ਸਨ।ਸ਼ੱਕ ਹੈ ਕਿ ਇਹ ਬਲੈਕ ਫੰਗਸ ਦਾ ਸ਼ਿਕਾਰ ਹਨ। ਅਜਿਹੇ ’ਚ ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਇਨ੍ਹਾਂ ’ਚੋਂ ਇਕ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆ ਗਈ ਸੀ, ਜਦੋਂਕਿ ਦੋ ਦੀ ਅੱਜ ਆਈ ਹੈ। ਦੋਵਾਂ ਦੀ ਉਮਰ 60 ਤੋਂ ਜ਼ਿਆਦਾ ਹੈ।

ਹੁਣ ਤੱਕ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਕੁਲ 15 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 3 ਦੀ ਮੌਤ ਹੋ ਗਈ ਹੈ।ਰਾਹਤ ਭਰੀ ਗੱਲ ਇਹ ਹੈ ਕਿ ਬਲੈਕ ਫੰਗਸ ਦੇ ਇਲਾਜ ’ਚ ਵਰਤੋਂ ਹੋਣ ਵਾਲਾ ਐਫੋ-ਬੀ ਇੰਜੈਕਸ਼ਨ ਹੁਣ ਗੁਰੂ ਨਾਨਕ ਦੇਵ ਹਸਪਤਾਲ ’ਚ ਮੁਹੱਈਆ ਹੈ।

ਪੰਜਾਬ ਸਰਕਾਰ ਨੇ ਇਸ ਇੰਜੈਕਸ਼ਨ ਦੀਆਂ 40 ਵੈਕਸੀਨ ਮੰਗਵਾਈਆਂ ਹਨ। ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦੇ ਇਲਾਜ ਲਈ ਇੰਜੈਕਸ਼ਨ ਉਪਲੱਬਧ ਨਹੀਂ। ਕੁਝ ਪ੍ਰਾਈਵੇਟ ਹਸਪਤਾਲਾਂ ਨੇ ਦੱਸਿਆ ਕਿ ਇੰਜੈਕਸ਼ਨ ਨਾ ਮਿਲਣ ਕਾਰਨ ਮਰੀਜ਼ਾਂ ਦਾ ਇਲਾਜ ਕਰਨ ’ਚ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਹਸਪਤਾਲਾਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਉਹ ਮਰੀਜ਼ਾਂ ਨੂੰ ਰੈਫ਼ਰ ਕਰਨ ਲਈ ਮਜਬੂਰ ਹਨ।

ਬਲੈਕ ਫੰਗਸ ਦੇ ਮਾਮਲੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ਿਆਦਾ ਸਾਹਮਣੇ ਆ ਰਹੇ ਹਨ। ਇਸ ਲਈ ਸਰਕਾਰ ਵਲੋਂ ਹਸਪਤਾਲ ’ਚ ਦਾਖਲ ਮਰੀਜ਼ਾਂ ਦੀ ਸਹੂਲਤ ਲਈ ਮੈਡੀਸਨ ਐੱਨਐਸਥੀਸਿਆ ਈ. ਐੱਨ. ਟੀ. ਅਤੇ ਹੋਰ ਵਿਭਾਗਾਂ ਦੇ ਮੁੱਖ ਦੀ 6 ਮੈਂਬਰਾਂ ਦੀ ਟੀਮ ਬਣਾਈ ਹੈ। ਇਹ ਟੀਮ ਮਰੀਜ਼ਾਂ ਦੀ ਜਿੱਥੇ ਨਿਗਰਾਨੀ ਕਰੇਗੀ, ਉੱਥੇ ਬਲੈਕ ਫੰਗਸ ਦੇ ਹੋਰ ਲੱਛਣ ਲੱਭਣ ਦੀ ਕੋਸ਼ਿਸ਼ ਕਰੇਗੀ। ਕਮੇਟੀ ਵਲੋਂ ਰੋਜ਼ਾਨਾ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।

 

LEAVE A REPLY

Please enter your comment!
Please enter your name here