ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਨੁੱਖੀ ਜੀਵਾਂ ਅਤੇ ਪਰਿੰਦਿਆਂ ਲਈ ਘਾਤਕ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਜ਼ਖੀਰਾ ਫੜਦਿਆਂ 2 ਵੱਖ ਵੱਖ ਜਗ੍ਹਾ ਤੋਂ 146 ਪੇਟੀਆਂ ਚਾਈਨਾ ਡੋਰ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਇਨ੍ਹਾਂ ਪੇਟੀਆਂ ਵਿਚ 5820 ਗਟੂ ਚਾਈਨਾ ਡੋਰ ਬਰਾਮਦ ਕਰਕੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ 2 ਵਿਅਕਤੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ ਜਿੰਨਾ ਵਿਚੋਂ 1 ਵਿਅਕਤੀ ਪੁਲਿਸ ਦੀ ਹਿਰਾਸਤ ‘ਚ ਹੈ ਅਤੇ 1 ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਗੋਲਡਨ ਇੰਕਲੇਵ ਕਲੋਨੀ ਵਿਖੇ ਛੋਟਾ ਹਾਥੀ ਗੱਡੀ ਜਿਸ ਵਿਚ ਅਭਿਸ਼ੇਕ ਜੋ ਕਿ ਡਰਾਈਵਰ ਨਾਲ ਬੈਠਾ ਸੀ। ਗੱਡੀ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ 22 ਪੇਟੀਆਂ ਜਿਨ੍ਹਾਂ ਵਿਚੋਂ 936 ਗਟੂ ਚਾਈਨਾ ਡੋਰ ਬਰਾਮਦ ਹੋਏ।
ਪੁਲਿਸ ਨੇ ਦੱਸਿਆ ਕਿ ਅਭਿਸ਼ੇਕ ਤੋਂ ਪੁੱਛਗਿੱਛ ਦੌਰਾਨ ਉਸ ਦੇ ਗੋਦਾਮ ਵਿਚੋਂ 124 ਪੇਟੀਆਂ ਜਿਨ੍ਹਾਂ ਵਿਚ 4884 ਗਟੂ ਹੋਰ ਚਾਈਨਾ ਡੋਰ ਬਰਾਮਦ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਭਿਸ਼ੇਕ ਅਤੇ ਮਨੋਜ ਕੁਮਾਰ ਇਕੱਠੇ ਚਾਈਨਾ ਡੋਰ ਵੇਚਣ ਦਾ ਧੰਦਾ ਕਰਦੇ ਹਨ। ਉਹਨਾਂ ਦੱਸਿਆ ਕਿ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ 1 ਪੁਲਿਸ ਹਿਰਾਸਤ ‘ਚ ਹੈ ਅਤੇ ਇਕ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।