ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਸਰਕਾਰੀ ਸਮਾਗਮਾਂ ਵਿੱਚ ਗੁਲਦਸਤੇ ਅਤੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ।

ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਲਿਖੇ ਪੱਤਰ ‘ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਦਫ਼ਤਰੀ ਕੰਮਾਂ/ਕਾਰਜਾਂ ‘ਚ ਪਲਾਸਟਿਕ ਦੀਆਂ ਬੋਤਲਾਂ ‘ਚ ਪੈਕ ਪਾਣੀ ਦੀ ਵਰਤੋਂ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਇਸ ਤੋਂ ਇਲਾਵਾ ਅਜਿਹੇ ਸਮਾਗਮਾਂ ਦੌਰਾਨ ਸਿਹਤ ਮੰਤਰੀ ਜਾਂ ਹੋਰ ਪਤਵੰਤਿਆਂ ਨੂੰ ਕੋਈ ਵੀ ਗੁਲਦਸਤਾ ਆਦਿ ਨਾ ਭੇਟ ਕੀਤਾ ਜਾਵੇ। ਇਹ ਕਦਮ ਪਲਾਸਟਿਕ ਦੇ ਕਚਰੇ, ਪ੍ਰਦੂਸ਼ਣ ਘਟਾਉਣ ਤੇ ਜਨ ਸਿਹਤ ਦੀ ਸੁਰੱਖਿਆ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਸਿਵਲ ਸਰਜਨਾਂ ਨੂੰ ਇਸ ਹੁਕਮ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਹੈ।