ਲੁਟੇਰਿਆਂ ਵੱਲੋਂ ਲੋਕਾਂ ਨੂੰ ਲੁੱਟਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ। ਅਜਿਹੇ ਹੀ ਇੱਕ ਗਿਰੋਹ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਪੁਲਿਸ ਦੀ ਵਰਦੀ ਵਿੱਚ ਛਾਪਾ ਮਾਰਨ ਦਾ ਡਰਾਮਾ ਰਚ ਕੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਲੁਟੇਰਿਆਂ ਨੂੰ ਫੜਿਆ ਹੈ। ਇਹ ਅੰਤਰਰਾਜੀ ਲੁਟੇਰਾ ਗਿਰੋਹ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ ਅਤੇ ਦਿੱਲੀ ਵਿਚ 30 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਨੇ ਇਨ੍ਹਾਂ ਤੋਂ ਪਿਛਲੇ ਮਹੀਨੇ ਪੰਜਾਬ ਦੇ ਪਾਤੜਾਂ ਵਿੱਚ ਵਪਾਰੀ ਕੋਲੋਂ ਲੁੱਟੇ ਤਿੰਨ ਲੱਖ ਰੁਪਏ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ।
ਇਨ੍ਹਾਂ ਲੁਟੇਰਿਆਂ ‘ਚ ਵਿਜੇ ਕੁਮਾਰ, ਸੰਜੀਵ ਅਤੇ ਸੰਨੀ ਸ਼ਰਮਾ ਵਾਸੀ ਨਰਵਾਣਾ ਸ਼ਾਮਲ ਹਨ। ਸਤਿੰਦਰ ਅਤੇ ਸੰਨੀ ਕਨੜੀ ਫਤਿਹਾਬਾਦ ਦੇ ਪਿੰਡ ਕਨਹੇੜੀ ਦੇ ਰਹਿਣ ਵਾਲੇ ਹਨ। ਵਿਸ਼ਨੂ ਉਰਫ ਵਿਸ਼ੂ ਅਤੇ ਜਸਵਿੰਦਰ ਤੋਂ ਇਲਾਵਾ ਰੋਹਤਕ ਦੇ ਪਿੰਡ ਬੈਂਸੀ ਦਾ ਨਰੇਸ਼ ਕੁਮਾਰ ਤੇ ਰੋਹਤਕ ਦਾ ਹੀ ਨਰੇਸ਼ ਫਰਾਰ ਹੈ।
ਇਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਲੁਟੇਰਿਆਂ ਕੋਲੋਂ ਤਿੰਨ ਲੱਖ ਨਕਦੀ ਅਤੇ ਦੋ ਗੱਡੀਆਂ ਤੋਂ ਇਲਾਵਾ ਇੱਕ 22 ਬੋਰ ਦੀ ਰਿਵਾਲਵਰ, ਇੱਕ 12 ਬੋਰ ਡਬਲ ਬੈਰਲ ਰਾਈਫਲ, ਚਾਰ 12 ਬੋਰ ਦੇ ਕਾਰਤੂਸ, ਚਾਰ ਪੁਲਿਸ ਵਰਦੀਆਂ, ਦੋ ਪੁਲਿਸ ਬੈਲਟ ਅਤੇ ਹਰਿਆਣਾ ਪੁਲਿਸ ਦੇ ਦੋ ਲੋਗੋ ਮਾਸਕ ਬਰਾਮਦ ਹੋਏ ਹਨ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਗਿਰੋਹ ਨੇ ਆਪਣਾ ਨੈੱਟਵਰਕ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂਪੀ ਵਿੱਚ ਫੈਲਾਇਆ ਹੈ। ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਅਤੇ ਉਸ ਨੂੰ ਨੋਟ ਦੁੱਗਣਾ ਕਰਨ ਦੇ ਲਾਲਚ ਦੇ ਕੇ ਫਸਾਉਂਦੇ ਸਨ। ਇਸ ਯੋਜਨਾ ਤਹਿਤ ਲੁਟੇਰੇ ਪੁਲਿਸ ਵਰਦੀ ਵਿਚ ਛਾਪਾ ਮਾਰਨ ਦਾ ਵਿਖਾਵਾ ਕਰਦੇ ਸਨ। ਇਸ ਤੋਂ ਬਾਅਦ ਵਿਅਕਤੀ ਨੂੰ ਡਰਾ-ਧਮਕਾ ਕੇ ਉਸ ਤੋਂ ਪੈਸੇ ਖੋਹ ਲੈਂਦੇ ਸਨ।