ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ਦਾ ਅਸਰ ਘਰੇਲੂ ਬਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਕ ਦਿਨ ਦੀ ਸਥਿਰਤਾ ਤੋਂ ਬਾਅਦ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਫਿਰ ਵਧੀਆਂ ਹਨ। ਸਰਕਾਰੀ ਤੇਲ ਵਾਲੀਆਂ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 29 ਪੈਸੇ ਅਤੇ ਡੀਜ਼ਲ ਵਿਚ 24 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਇਸ ਪ੍ਰਕਾਰ ਇਹ ਕੀਮਤਾਂ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਾਧੇ ਦੇ ਬਾਅਦ ਰਾਜਧਾਨੀ ਦਿੱਲੀ ਵਿੱਚ 1 ਲੀਟਰ ਪੈਟਰੋਲ ਦੀ ਕੀਮਤ 98.81 ਰੁਪਏ ਅਤੇ ਡੀਜ਼ਲ 89.91 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 4 ਮਈ ਤੋਂ ਨਿਰੰਤਰ ਵਾਧਾ ਹੋ ਰਿਹਾ ਹੈ। ਹਰ ਦਿਨ ਰੁਕ-ਰੁਕ ਕੇ ਹੋਣ ਵਾਲੇ ਵਾਧੇ ਕਾਰਨ ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਅਤੇ ਇਥੋਂ ਤਕ ਕਿ 105 ਰੁਪਏ ਨੂੰ ਪਾਰ ਕਰ ਗਈਆਂ ਹਨ।
ਇਸ ਵਿੱਚ ਜੈਸਲਮੇਰ, ਗੰਗਾਨਗਰ, ਹੈਦਰਾਬਾਦ, ਲੇਹ, ਬਾਂਸਵਾੜਾ, ਇੰਦੌਰ, ਜੈਪੁਰ, ਭੋਪਾਲ, ਗਵਾਲੀਅਰ, ਗੁੰਟੂਰ, ਕਾਕੀਨਾਡਾ, ਚਿਕਮਗਲੂਰ, ਸ਼ਿਵਮੋਗਗਾ, ਮੁੰਬਈ, ਰਤਨਗਿਰੀ, ਔਰੰਗਾਬਾਦ, ਪਟਨਾ ਅਤੇ ਲੇਹ ਸ਼ਾਮਲ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।