ਬਾਘਾਪੁਰਾਨਾ :ਬਾਘਾਪੁਰਾਣਾ ਦੇ ਪਿੰਡ ਸਮਾਲਸਰ ਵਿੱਚ ਪੁਲਿਸ ਪਾਰਟੀ ‘ਤੇ ਕੁੱਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ 112 ਨੰਬਰ ‘ਤੇ ਕਾਲ ਆਈ ਸੀ। ਉਸ ਦੁਆਰਾ ਕੀਤੀ ਸ਼ਿਕਾਇਤ ਕਾਰਨ ਜਦੋਂ ਪੁਲਿਸ ਉੱਥੇ ਗਈ,ਤਾਂ ਦੂਜੀ ਪਾਰਟੀ ਦੇ ਨੌਜਵਾਨਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਜਿਸ ਨਾਲ ਏ.ਐੱਸ.ਆਈ.ਰਾਜ ਸਿੰਘ,ਕਾਂਸਟੇਬਲ ਅਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਦੂਜੀ ਪਾਰਟੀ ਵੱਲੋਂ ਬੁਲਾਏ ਗਏ ਕੁੱਝ ਗੁੰਡਿਆਂ ਨੇ ਏ. ਐੱਸ. ਆਈ ਦੀ ਪ੍ਰਾਈਵੇਟ ਕਾਰ ਦੀ ਵੀ ਬੁਰੀ ਤਰ੍ਹਾਂ ਤੋੜ-ਫੋੜ ਕਰ ਦਿੱਤੀ। ਜਿਸ ਤੋਂ ਬਾਅਦ ਹਮਲਾਵਾਰ ਉੱਥੋਂ ਫਰਾਰ ਹੋ ਗਏ। ਏ.ਐੱਸ.ਆਈ. ਸਮੇਤ ਤਿੰਨਾਂ ਜਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਮਲੇ ਦੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. ਮੰਜੀਤ ਸਿੰਘ ਹਸਪਤਾਲ ਵਿੱਚ ਜਖ਼ਮੀ ਪੁਲਿਸ ਮੁਲਾਜ਼ਮਾਂ ਦਾ ਬਿਆਨ ਲੈ ਕੇ ਪਿੰਡ ਵਿੱਚ ਮੌਕੇ ‘ਤੇ ਪਹੁੰਚ ਗਏ।

ਜਖ਼ਮੀ ਏ.ਐੱਸ.ਆਈ. ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਵਿੱਚ 112 ਨੰਬਰ ‘ਤੇ ਇੱਕ ਸ਼ਿਕਾਇਤ ਆਈ। ਇਹ ਸ਼ਿਕਾਇਤ ਪਿੰਡ ਵੇਰੋਕੇ ਦੇ ਗੋਰੇ ਸਿੰਘ ਵੱਲੋਂ ਕੀਤੀ ਗਈ ਸੀ।ਉਸ ਵੱਲੋਂ ਇਹ ਦੱਸਿਆ ਗਿਆ ਸੀ ਕਿ ਉਸ ਦੀ ਆਪਣੇ ਗੁਆਂਢੀ ਨਾਲ ਲੜਾਈ ਚੱਲ ਰਹੀ ਹੈ। ਉਹ ਉਨ੍ਹਾਂ ਨੂੰ ਮਾਰ ਦੇਣਗੇ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਗੁਆਂਢੀ ਨੇ ਕੁੱਝ ਨੌਜਵਾਨਾਂ ਨੂੰ ਸੱਦ ਰੱਖਿਆ ਹੈ। ਉਹ ਖ਼ਤਰੇ ਵਿੱਚ ਹਨ।ਇਸ ਸੰਬੰਧੀ ਜਦੋਂ ਪੁਲਿਸ ਪਾਰਟੀ ਲੜਾਈ ਦਾ ਨਿਪਟਾਰਾ ਕਰਨ ਗਈ ਤਾਂ ਦੂਜੀ ਧਿਰ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਡੰਡਿਆਂ ਅਤੇ ਬੇਸਬਾਲ ਨਾਲ ਉਨ੍ਹਾਂ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ।