ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਪੰਜਾਬ ਵਿੱਚ ਭੇਜੀ ਗਈ ਕੋਰੋਨਾ ਵੈਕਸੀਨ ਕਈ ਨਿਜੀ ਹਸਪਤਾਲਾਂ ਵਿੱਚ ਭੇਜੀ ਗਈ ਹੈ, ਜਿਸ ਵਿੱਚ ਮੈਕਸ ਅਤੇ ਫੋਰਟਿਸ ਜਿਹੇ ਹਸਪਤਾਲ ਸ਼ਾਮਲ ਹਨ। ਉਥੇ ਹੀ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਵਲੋਂ ਭੇਜੀ ਗਈ ਵੈਕਸੀਨ ਨੂੰ ਪੰਜਾਬ ਸਰਕਾਰ ਨੇ 400 ਰੁਪਏ ਪ੍ਰਤੀ ਡੋਜ਼ ‘ਤੇ ਖਰੀਦਿਆ ਹੈ, ਜਦੋਂ ਕਿ ਪ੍ਰਾਇਵਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਡੋਜ਼ ਵੇਚੀ ਗਈ ਹੈ। ਇਸ ਵਿੱਚ ਕਿਸਦਾ ਮੁਨਾਫ਼ਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਤੋਂ ਕੁੱਝ ਸਵਾਲ ਪੁੱਛੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵਲੋਂ ਭੇਜੀ ਗਈ ਵੈਕਸੀਨ ਨੂੰ ਮਹਿੰਗੇ ਰੇਟਾਂ ਵਿੱਚ ਵੇਚਕੇ ਕਿਸ ਨੂੰ ਮੁਨਾਫਾ ਹੋ ਰਿਹਾ ਹੈ। ਕੈਪਟਨ ਸਰਕਾਰ ਦਾ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਲੋਕਾਂ ਦੀ ਜਾਨ ਦੀ ਪਾਰਵਾਹ ਕੀਤੇ ਬਿਨਾਂ ਸਿਰਫ ਮੁਨਾਫ਼ਾ ਕਮਾਉਣ ‘ਤੇ ਲੱਗੀ ਹੋਈ ਹੈ ਅਤੇ ਇਸ ਵਿੱਚ ਲਾਪਰਵਾਹੀ ਕਿਸਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਰੋਸ ਜਤਾਇਆ ਕਿ ਇੱਕ ਉੱਚ ਅਹੁਦੇ ਵਾਲੇ ਅਧਿਕਾਰੀ ਵਲੋਂ ਸਿਰਫ ਕੁੱਝ ਖਾਸ ਹਸਪਤਾਲਾਂ ਦੇ ਨਾਮ ਦੀ ਸਿਫਾਰਿਸ਼ ਕਰਕੇ ਉਨ੍ਹਾਂ ਨੂੰ ਹੀ ਡੋਜ਼ ਕਿਉਂ ਦਿੱਤੀ ਗਈ ਹੈ।
ਸਿਹਤ ਮੰਤਰੀ ਬਲਬੀਰ ਸਿੱਧੂ ਦਾ ਬਿਆਨ
ਉਥੇ ਹੀ ਇਸ ਮਾਮਲੇ ‘ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਵੈਕਸੀਨ ਨੂੰ ਵੇਚਣ ਦਾ ਕੰਮ ਮੇਰੇ ਹੱਥ ਵਿੱਚ ਨਹੀਂ ਹੈ, ਮੇਰਾ ਕੰਮ ਸਿਰਫ ਹਸਪਤਾਲ ਵੇਖਣਾ ਅਤੇ ਵੈਕਸੀਨ ਲੁਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਜਾਂਚ ਲਈ ਬੋਲ ਦਿੱਤਾ ਹੈ ਅਤੇ ਇਸ ਦੀ ਸਾਰੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖੀ ਜਾਵੇਗੀ।