ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਕਾਰਨ ਦਿੱਲੀ ਵਿੱਚ ਸਰਕਾਰ ਨੇ ਅਨਲੌਕ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਅਨਲੌਕ-6 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਲੰਬੇ ਸਮੇਂ ਤੋਂ ਲਾਕਡਾਊਨ ਤੋਂ ਛੁਟਕਾਰਾ ਪਾਉਣ ਦਾ ਇੰਤਜ਼ਾਰ ਕਰ ਰਹੇ ਸਿਨੇਮਾ ਹਾਲ ਅਤੇ ਮਲਟੀਕੰਪਲੈਕਸਾਂ ਨੂੰ ਇਸ ਵਾਰ ਵੀ ਰਾਹਤ ਨਹੀਂ ਮਿਲੀ ਹੈ ।
ਸਰਕਾਰ ਨੇ ਅਜੇ ਵੀ ਸਿਨੇਮਾ ਹਾਲ, ਥੀਏਟਰ, ਮਲਟੀਕੰਪਲੈਕਸਾਂ ਨੂੰ ਬੰਦ ਰਹਿਣ ਵਾਲੀਆਂ ਗਤੀਵਿਧੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਪਰ ਸਪੋਰਟਸ ਕਲੱਬਾਂ ਅਤੇ ਸਟੇਡੀਅਮ ਨੂੰ ਅਨਲੌਕ-6 ਵਿੱਚ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
DDMA ਵੱਲੋਂ ਜਾਰੀ ਰਸਮੀ ਆਦੇਸ਼ ਵਿੱਚ ਇਹ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਸੋਮਵਾਰ ਤੋਂ ਸਟੇਡੀਅਮ / ਸਪੋਰਟਸ ਕੰਪਲੈਕਸ ਖੁੱਲ੍ਹ ਸਕਣਗੇ, ਪਰ ਬਿਨ੍ਹਾਂ ਦਰਸ਼ਕਾਂ ਦੇ। ਇਸ ਤੋਂ ਪਹਿਲਾਂ ਦਿੱਲੀ ਵਿੱਚ ਸਟੇਡੀਅਮ ਅਤੇ ਸਪੋਰਟਸ ਕੰਪਲੈਕਸਾਂ ਨੂੰ ਖੋਲ੍ਹਣ ਦੀ ਆਗਿਆ ਸੀ, ਪਰ ਸਿਰਫ ਉਨ੍ਹਾਂ ਲੋਕਾਂ ਲਈ ਜੋ ਕਿਸੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿਚ ਹਿੱਸਾ ਲੈਣ ਜਾ ਰਹੇ ਹਨ ਅਤੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਦਾ ਆਯੋਜਨ ਕਰਦੇ ਹਨ। ਹੁਣ ਸਟੇਡੀਅਮ ਜਾਂ ਸਪੋਰਟਸ ਕੰਪਲੈਕਸ ਆਮ ਤੌਰ ‘ਤੇ ਖੁੱਲ੍ਹ ਸਕਣਗੇ, ਪਰ ਇੱਥੇ ਦਰਸ਼ਕ ਨਹੀਂ ਹੋਣੇ ਚਾਹੀਦੇ।