ਚੰਡੀਗੜ੍ਹ : ਕੋਲਕਾਤਾ ‘ਚ ਹੋਏ ਐਨਕਾਊਂਟਰ ਦੌਰਾਨ ਮਾਰੇ ਗਏ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਨੇ ਗੈਂਗਸਟਰ ਜੈਪਾਲ ਭੁੱਲਰ ਦਾ ਫਿਰ ਤੋਂ ਪੋਸਟਮਾਰਟਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਕਿ ਭੁੱਲਰ ਦਾ ਪੋਸਟਮਾਰਟਮ ਚੰਡੀਗੜ੍ਹ ਪੀ.ਜੀ.ਆਈ ‘ਚ ਅੱਜ ਕੀਤਾ ਜਾਵੇਗਾ। ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਜੈਪਾਲ ਦੀ ਲਾਸ਼ ਨੂੰ ਲੈ ਕੇ ਪੀ.ਜੀ.ਆਈ. ਦੀ ਮੋਰਚਰੀ ‘ਚ ਪਹੁੰਚ ਗਿਆ, ਜਿੱਥੇ ਡਾਕਟਰੀ ਬੋਰਡ ਦੀ ਦੇਖ-ਰੇਖ ‘ਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਪਟੀਸ਼ਨ ‘ਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੀ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।

ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ, ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ, ਜਿਸ ਦੀ ਜਾਂਚ ਲਈ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਫ਼ੈਸਲਾ ਲੈਣਗੇ।