ਡਿਪਟੀ ਕਮਿਸ਼ਨਰ ਨੇ ਅੰਤਰਰਾਸ਼ਟਰੀ ਮਾਹਵਾਰੀ ਸਫਾਈ ਦਿਵਸ ਮੌਕੇ ਕੀਤਾ ਜਾਰੀ

ਪੰਜਾਬ ਸਰਕਾਰ ਵੱਲੋਂ ‘ ਉਡਾਣ ‘ ਪ੍ਰੋਜੈਕਟ ਦੀ ਸ਼ੁਰੂਆਤ

ਮੋਗਾ : ਜ਼ਿਲ੍ਹਾ ਮੋਗਾ ਦੀਆਂ ਬੱਚੀਆਂ ਨੂੰ ਉਹਨਾਂ ਦੇ ਮਾਹਵਾਰੀ ਦਿਨਾਂ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ‘ਮੈਂਸਟਰੂਪੀਡੀਆ ਕੌਮਿਕ’ ਨਾਮ ਦੀ ਇਕ ਕਿਤਾਬ ਰਿਲੀਜ਼ ਕੀਤੀ ਗਈ ਹੈ, ਜੋ 9 ਸਾਲ ਤੋਂ ਉਪਰ ਵਾਲੀਆਂ ਬੱਚੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਇਹ ਕਿਤਾਬ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਅੰਤਰਰਾਸ਼ਟਰੀ ਮਾਹਵਾਰੀ ਸਫਾਈ ਦਿਵਸ ਮੌਕੇ ਰੱਖੇ ਗਏ ਜ਼ਿਲ੍ਹਾ ਪੱਧਰੀ ਆਨਲਾਈਨ ਸਮਾਗਮ ਦੌਰਾਨ ਰਿਲੀਜ਼ ਕੀਤਾ। ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਸ਼੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਨੇ ਕਰਦਿਆਂ ਕਿਹਾ ਕਿ ‘ਉਡਾਣ’ ਪ੍ਰੋਜੈਕਟ ਅਧੀਨ ਹਰੇਕ ਆਂਗਣਵਾੜੀ ਕੇਂਦਰ ਰਾਹੀਂ 50 – 50 ਲਾਭਪਾਤਰੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸੈਨੀਟਰੀ ਪੈਡ ਮੁੱਹਈਆ ਕਰਵਾਏ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਹੰਸ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਇਹ ਕਿਤਾਬ ਲੜਕੀਆਂ ਨੂੰ ਪੀਰੀਅਡ ਦੀ ਇਕ ਉਪਯੋਗੀ ਅਤੇ ਰੋਚਕ ਜਾਣਕਾਰੀ ਪ੍ਰਦਾਨ ਕਰਨ ਵਾਲੀ ਗਾਈਡ ਹੈ, ਜੋ ਕਿ ਜ਼ਿਲ੍ਹਾ ਮੋਗਾ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਮੁਫ਼ਤ ਮੁੱਹਈਆ ਕਾਰਵਾਈ ਗਈ ਹੈ। ਉਹਨਾਂ ਕਿਹਾ ਕਿ ਲਾਡਲੀ ਮੀਡੀਆ ਐਵਾਰਡ ਜੇਤੂ ਇਹ ਕਿਤਾਬ ਪੀਰੀਅਡ ਬਾਰੇ ਜਾਣਕਾਰੀ ਦੇਣ ਵਾਲੀ ਪਹਿਲੀ ਭਾਰਤੀ ਕੋਮਿਕ ਹੈ। ਇਹ ਕਿਤਾਬ ਪੂਰੇ ਦੇਸ਼ ਵਿਚ 10 ਹਜ਼ਾਰ ਤੋਂ ਵਧੇਰੇ ਸਕੂਲਾਂ ਨੇ ਲਾਗੂ ਕੀਤੀ ਹੋਈ ਹੈ। ਹੁਣ ਇਹ ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲਾਂ ਵਿੱਚ ਵੀ ਲਾਗੂ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ 82 ਪੰਨਿਆਂ ਦੀ ਇਹ ਪੁਸਤਕ ਚਾਰ ਭਾਗਾਂ ਅਤੇ 14 ਉਪ ਭਾਗਾਂ ਭਾਗਾਂ ਵਿੱਚ ਵੰਡੀ ਹੋਈ ਹੈ। ਇਹਨਾਂ ਭਾਗਾਂ ਵਿੱਚ ਲੜਕੀਆਂ ਦਾ ਵੱਡੇ ਹੋਣਾ, ਲੜਕੀਆਂ ਅਤੇ ਲੜਕਿਆਂ ਵਿੱਚ ਉਮਰ ਵਧਣ ਵੇਲੇ ਸਰੀਰਕ ਬਦਲਾਅ, ਸਿਹਤ ਵਰਧਕ ਆਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਪੀਰੀਅਡ ਕੀ ਹੁੰਦੇ ਹਨ ਅਤੇ ਕਿਵੇਂ ਬਣਦੇ ਹਨ, ਸਰੀਰ ਵਿੱਚ ਬੱਚੇ ਕਿਵੇਂ ਬਣਦੇ ਹਨ, ਪਰੇਡ ਦੌਰਾਨ ਦਰਦ ਦੂਰ ਕਰਨ ਦੇ ਉਪਾਅ, ਮੇਰੇ ਅਗਲੇ ਪੀਰੀਅਡ ਕਦੋਂ ਆਉਣਗੇ, ਮਾਹਵਾਰੀ ਚੱਕਰ ਦਾ ਪਤਾ ਕਿਵੇਂ ਰੱਖਿਆ ਜਾਵੇ, ਮਾਹਵਾਰੀ ਤੋਂ ਪਹਿਲਾਂ ਦੇ ਲੱਛਣ, ਬਾਅਦ ਵਾਲੇ ਲੱਛਣਾਂ ਨਾਲ ਕਿਵੇਂ ਨਿਪਟਿਆ ਜਾਵੇ, ਪੀਰੀਅਡ ਤੋਂ ਪਹਿਲਾਂ ਆਪਣਾ ਖਿਆਲ ਕਿਵੇਂ ਰੱਖੀਏ, ਸੈਨੀਟਰੀ ਪੈਡ ਕੀ ਹੁੰਦਾ ਹੈ ਅਤੇ ਇਸਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਘਰ ਵਿੱਚ ਸੈਨੀਟਰੀ ਪੈਡ ਕਿਵੇਂ ਬਣਾਈਏ, ਵਰਤੇ ਹੋਏ ਪੈਡ ਨੂੰ ਕਿਵੇਂ ਸੁੱਟੀਏ, ਪਹਿਲੀ ਵਾਰ ਪੀਰੀਅਡ ਸ਼ੁਰੂ ਹੋਣ ਉੱਤੇ ਕੀ ਕਰਨਾ ਚਾਹੀਦਾ ਹੈ, ਪੀਰੀਅਡ ਦੌਰਾਨ ਸਫਾਈ ਵਰਤਣ ਦੇ ਉਪਾਅ ਆਦਿ।

ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਅਧੀਨ ਇਹ 4000 ਕਿਤਾਬਾਂ ਤਿਆਰ ਕਾਰਵਾਈਆਂ ਹਨ ਜਿਹਨਾਂ ਨੂੰ ਸਕੂਲਾਂ ਵਿਚ ਭੇਜ ਦਿੱਤਾ ਗਿਆ ਹੈ। ਸਕੂਲਾਂ ਵਿਚ ਪ੍ਰਤੀ 7 ਲੜਕੀਆਂ ਇਕ ਕਿਤਾਬ ਭੇਜੀ ਗਈ ਹੈ। ਕਿਉਂਕਿ ਹੁਣ ਆਨਲਾਈਨ ਪੜ੍ਹਾਈ ਹੋ ਰਹੀ ਹੈ ਇਸ ਲਈ ਅਧਿਆਪਕ ਆਨਲਾਈਨ ਕਲਾਸਾਂ ਵਿੱਚ ਇਹ ਜਾਣਕਾਰੀ ਦੇਣਗੇ। ਇਸ ਕਿਤਾਬ ਵਿਚ ਜ਼ਿਲ੍ਹਾ ਮੋਗਾ ਵਿੱਚ ਸਫਲਤਾਪੂਰਵਕ ਚੱਲ ਰਹੇ ਸਖ਼ੀ ਵਨ ਸਟਾਪ ਬਾਰੇ ਵੀ ਜਾਣਕਾਰੀ ਦਰਜ ਕੀਤੀ ਗਈ ਹੈ। ਸ਼੍ਰੀ ਹੰਸ ਨੇ ਜ਼ਿਲ੍ਹਾ ਮੋਗਾ ਦੀਆਂ ਬੱਚੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਇਸ ਕਿਤਾਬ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਹ ਜਾਣਕਾਰੀ ਹੋਰ ਲੜਕੀਆਂ ਨਾਲ ਵੀ ਸਾਂਝੀ ਕਰਨ।