ਜਲੰਧਰ : ਕੋਰੋਨਾ ਕਾਰਨ ਹੁਣ ਤੱਕ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਹੈ। ਪਰ ਹੁਣ ਇਸ ਬਿਮਾਰੀ ਦੇ ਨਾਲ-ਨਾਲ ਇੱਕ ਹੋਰ ਖ਼ਤਰਨਾਕ ਬਿਮਾਰੀ ਵੀ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਗਈ ਹੈ। ਕੋਰੋਨਾ ਦੇ ਨਾਲ-ਨਾਲ ਹੁਣ ਦਹਿਸ਼ਤ ਦਾ ਕਾਰਨ ਬਣੇ ਬਲੈਕ ਫੰਗਸ ਨਾਲ ਵੀ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਜਿੱਥੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਮਰੀਜ਼ਾਂ ਵਿਚੋਂ 5 ਦੀ ਮੌਤ ਕੋਰੋਨਾ ਕਾਰਨ ਹੋਈ, ਉਥੇ ਹੀ ਬਲੈਕ ਫੰਗਸ ਨਾਲ ਵੀ 2 ਮਰੀਜ਼ ਦਮ ਤੋੜ ਗਏ, ਜਿਹੜੇ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ।
ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 126 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 25 ਲੋਕ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਪਾਏ ਗਏ। ਜ਼ਿਲ੍ਹੇ ਦੇ 101 ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਪਰਿਵਾਰਾਂ ਦੇ 3-3 ਮੈਂਬਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਕਮਲ ਵਿਹਾਰ, ਨੰਗਲਸ਼ਾਮਾ, ਸੈਂਟਰਲ ਟਾਊਨ, ਸੂਰਿਆ ਐਨਕਲੇਵ, ਨੁੱਸੀ ਪਿੰਡ, ਨੌਗੱਜਾ, ਨੰਗਲ ਫਿਲੌਰ, ਬੈਂਕ ਕਾਲੋਨੀ, ਪਿੰਡ ਹਜ਼ਾਰਾ, ਚੀਮਾ ਨਗਰ, ਕਲਿਆਣਪੁਰ, ਗੁਰੂ ਅਮਰਦਾਸ ਨਗਰ, ਸ਼ੰਕਰ ਗਾਰਡਨ, ਨਿਊ ਜਵਾਹਰ ਨਗਰ,ਗੋਪਾਲ ਨਗਰ ਆਦਿ ਇਲਾਕਿਆਂ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਹਨ।