ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ। ਅਜੇ ਇਸ ਵਾਇਰਸ ਦਾ ਕਹਿਰ ਘੱਟ ਨਹੀਂ ਹੋਇਆ ਸੀ ਕਿ ਇੱਕ ਹੋਰ ਵਾਇਰਸ ਨੇ ਦੇਸ਼ ਅੰਦਰ ਦਸਤਕ ਦੇ ਦਿੱਤੀ ਹੈ। ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜੇਕਰ ਕੁੱਝ ਘਟਣ ਲੱਗਾ ਸੀ ਤਾਂ ਬਲੈਕ ਫੰਗਸ ਨੇ ਹੁਣ ਆਪਣਾ ਕਹਿਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਬਿਮਾਰੀ ਨੂੰ ਕਾਬੂ ਕਰਨ ਲਈ WHO ਵੱਲੋਂ ਕੋਈ ਗਾਈਡਲਾਈਨ ਅਤੇ ਦਵਾਈ ਸ਼ੁਰੂ ਨਹੀਂ ਕੀਤੀ ਗਈ ਹੈ, ਅਜਿਹੀ ਸਥਿਤੀ ਵਿੱਚ ਇੱਕ ਹੋਰ ਖਤਰੇ ਨੇ ਦਸਤਕ ਦੇ ਦਿੱਤੀ ਹੈ।

ਹੁਣ ਕੋਰੋਨਾ ਅਤੇ ਬਲੈਕ ਫੰਗਸ ਦੇ ਨਾਲ-ਨਾਲ ਇੱਕ ਹੋਰ ਵਾਇਰਸ ਜਿਸਦਾ ਨਾਂ ਗ੍ਰੀਨ ਫੰਗਸ ਹੈ, ਉਸਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਸ਼ਹਿਰ ‘ਚ ਗ੍ਰੀਨ ਫੰਗਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸੈਕਰਡ ਹਾਰਟ ਹਸਪਤਾਲ ਵਿਚ 62 ਸਾਲਾ ਮਰੀਜ਼ ਦਾ ਪਤਾ ਲੱਗਿਆ ਹੈ। ਹਸਪਤਾਲ ਦੀ ਪ੍ਰਿੰਸੀਪਲ ਪ੍ਰਸ਼ਾਸਕ ਸਿਸਟਰ ਗ੍ਰੇਸ ਪਮਕੁਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਨੂੰ 13 ਤਰੀਕ ਨੂੰ ਸੈਕਰਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਇਸ ਮਰੀਜ਼ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ। ਇਸ ਮਰੀਜ਼ ਨੂੰ ਕੋਰੋਨਾ ਹੋਇਆ ਸੀ ਤੇ ਇਸ ਦਾ ਇਲਾਜ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਪੀੜ੍ਹਤ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ, ਜਿਸ ਕਰਕੇ ਉਸ ਨੂੰ ਜਲੰਧਰ ਦੇ ਸੈਕਰਡ ਹਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਚ ਤੋਂ ਬਾਅਦ ਮਰੀਜ਼ ਦੇ ਫੇਫੜਿਆਂ ਵਿੱਚ ਗ੍ਰੀਨ ਫੰਗਸ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਮਰੀਜ਼ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here