ਲੁਧਿਆਣਾ ’ਚ 34 ਕਿਲੋ ਸੋਨੇ ਦੀ ਲੁੱਟ ਦੇ ਮਾਮਲੇ ’ਚ ਅੱਜ ਐੱਨ.ਆਈ.ਏ. ਦੀ ਟੀਮ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਗਗਨ ਜੱਜ ਦੇ ਘਰ ’ਤੇ ਪਹੁੰਚੀ ਅਤੇ ਟੀਮ ਵਲੋਂ ਘਰ ਨੂੰ ਅੰਦਰ ਤੋਂ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਗਗਨ ਜੱਜ ਦਾ ਘਰ ਫ਼ਿਰੋਜ਼ਪੁਰ ਸ਼ਹਿਰ ਦੀ ਮੱਲ ਵਾਲ ਰੋਡ ’ਤੇ ਇੰਡਸਟਰੀਅਲ ਏਰੀਏ ਦੇ ਕੋਲ ਸਥਿਤ ਹੈ। ਉਸ ਦੇ ਘਰ ‘ਚ ਪਹੁੰਚੀ ਟੀਮ ਵੱਲੋਂ ਘਰ ਦੇ ਅੰਦਰੋਂ ਗੇਟ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ।
ਇਸ ਮਾਮਲੇ ’ਚ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਬਠਿੰਡਾ ਜੇਲ੍ਹ ਹੈ ਜਦੋਂ ਕਿ ਗਗਨ ਜੱਜ ਲੁਧਿਆਣਾ ਦੀ ਜੇਲ੍ਹ ’ਚ ਬੰਦ ਹੈ। ਐੱਨ.ਆਈ. ਏ. ਦੀ ਟੀਮ ਵੱਲੋਂ ਜਾਂਚ ਦਾ ਕੰਮ ਜਾਰੀ ਹੈ। ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਅਤੇ ਜਗਰਾਓ ਦੀ ਦਾਣਾ ਮੰਡੀ ’ਚ 2 ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ।
ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਜ਼ੁਰਮ ਦੀ ਦੁਨੀਆਂ ਵਿਚ ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਤਲਾਸ਼ ਕਰ ਰਹੀ ਸੀ। ਭੁੱਲਰ ’ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਿਸ ਵੱਲੋਂ ਜੈਪਾਲ ਭੁੱਲਰ ’ਤੇ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੀ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ।