ਫਿਰੋਜ਼ਪੁਰ : ਗੈਂਗਸਟਰ ਜੈਪਾਲ ਭੁੱਲਰ ਦਾ ਕੱਲ੍ਹ ਦੁਬਾਰਾ ਪੀਜੀਆਈ ਚੋਂ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਅੱਜ ਧਾਰਮਿਕ ਰੀਤੀ ਰਿਵਾਜਾਂ ਨਾਲ ਉਸ ਦੇ ਪਰਿਵਾਰ ਵੱਲੋਂ ਕਰ ਦਿੱਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਸਣੇ ਮੀਡੀਆ ਅਤੇ ਪੁਲੀਸ ਫੋਰਸ ਵੀ ਮੌਜੂਦ ਸੀ। ਜੈਪਾਲ ਭੁੱਲਰ ਦਾ ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨ ਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ।
ਜੈਪਾਲ ਭੁੱਲਰ ਦੀ ਚਿਤਾ ਨੂੰ ਉਸ ਦੇ ਭਰਾ ਅਮ੍ਰਿਤਪਾਲ ਭੁੱਲਰ ਨੇ ਮੁੱਖਅਗਨੀ ਦਿਖਾਈ। ਅੰਮ੍ਰਿਤ ਪਾਲ ਭੁੱਲਰ ਨੂੰ ਭਾਰੀ ਪੁਲਿਸ ਬੰਦੋਬਸਤ ‘ਚ ਬਠਿੰਡਾ ਜੇਲ੍ਹ ਵਿਚੋਂ ਲਿਆਂਦਾ ਗਿਆ ਸੀ ਅਤੇ ਅੰਮ੍ਰਿਤ ਪਾਲ ਭੁੱਲਰ ਨੇ ਜਾਂਦੇ ਸਮੇਂ ਕਿਹਾ ਕਿ ਜੈਪਾਲ ਦਾ ਐਨਕਾਊਂਟਰ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਹੁਣ ਪੁਲਿਸ ਵੱਲੋਂ ਉਸ ਦਾ ਵੀ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਪੁਲਿਸ ਉਸ ਦੇ ਮਾਤਾ ਪਿਤਾ ਨੂੰ ਵੀ ਟਾਰਚਰ ਕਰੇਗੀ। ਜੈਪਾਲ ਭੁੱਲਰ ਦੇ ਸੰਸਕਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਉਸ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਪੀਜੀਆਈ ਵੱਲੋਂ ਦਿੱਤੀ ਗਈ ਪੋਸਟਮਾਰਟਮ ਰਿਪੋਰਟ ਵਿੱਚ ਜੈਪਾਲ ਭੁੱਲਰ ਦੇ 22 ਸੱਟਾਂ ਵੱਜੀਆਂ ਦਿਖਾਈਆਂ ਗਈਆਂ ਹਨ ਅਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੈਪਾਲ ਭੁੱਲਰ ਨੂੰ ਕੋਈ ਤਸ਼ੱਦਦ ਨਹੀਂ ਦਿੱਤਾ ਗਿਆ ਅਤੇ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ।
ਦੱਸ ਦਈਏ ਕਿ ਕੱਲ੍ਹ ਪੋਸਟਮਾਰਟਮ ਦੌਰਾਨ ਜੈਪਾਲ ਭੁੱਲਰ ਦੇ ਸਰੀਰ ਵਿਚੋਂ ਡਾਕਟਰਾਂ ਨੂੰ ਤਿੰਨ ਗੋਲੀਆਂ ਹੋਰ ਮਿਲੀਆਂ ਸਨ, ਜਿਸ ਨੂੰ ਲੈ ਕੇ ਹੁਣੇ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੌਰਾਨ ਏਡੀ ਵੱਡੀ ਅਣਗਹਿਲੀ ਡਾਕਟਰਾਂ ਨੇ ਕਿਵੇਂ ਕਰ ਦਿੱਤੀ ਜੋ ਉਸ ਦੇ ਸਰੀਰ ‘ਚ ਤਿੰਨ ਗੋਲੀਆਂ ਹੋਰ ਰਹਿ ਗਈਆਂ। ਜੈਪਾਲ ਭੁੱਲਰ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਉਹ ਲੋੜੀਂਦੇ ਕਦਮ ਚੁੱਕਣਗੇ। ਉਸ ਲਈ ਉਨ੍ਹਾਂ ਨੂੰ ਚਾਹੇ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਵੇ। ਉਹ ਸੱਚ ਸਾਹਮਣੇ ਲਿਆਉਣ ਲਈ ਹਰ ਤਰ੍ਹਾਂ ਦੀ ਚਾਰਾਜੋਈ ਕਰਨਗੇ।
ਜੈਪਾਲ ਭੁੱਲਰ ਨੂੰ ਅਖੀਰੀ ਵਾਰ ਦੇਖਣ ਲਈ ਉਸ ਦੇ ਭਰਾ ਅਮ੍ਰਿਤਪਾਲ ਭੁੱਲਰ ਪੁਲਿਸ ਨੂੰ ਵਾਰ ਵਾਰ ਹੱਥਕੜੀਆਂ ਖੋਲ੍ਹਣ ਲਈ ਕਹਿੰਦਾ ਰਿਹਾ ਪਰ ਉਸਦੀਆਂ ਹੱਥਕੜੀਆਂ ਨਹੀਂ ਖੋਲੀਆਂ ਗਈਆਂ, ਜੈਪਾਲ ਦੀ ਦੇਹ ਨੂੰ ਅਗਨ ਭੇਂਟ ਕਰਦੇ ਨਾਲ ਹੀ ਪੁਲਿਸ ਉਸ ਦੇ ਭਰਾ ਨੂੰ ਮੀਡੀਆ ਤੋਂ ਬਚਾਉਂਦੇ ਹੋਏ ਲੈ ਗਈ, ਜਾਂਦੇ ਜਾਂਦੇ ਹੋਏ ਹੀ ਉਹ ਪੁਲਿਸ ਤੇ ਦੋਸ਼ ਲਾਉਂਦਾ ਰਿਹਾ।