ਦੇਸ਼ ਅੰਦਰ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੋਵਿਡ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਬਾਗੇਸ਼ਵਰ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ  ਦਾ ਦੌਰਾ ਕੀਤਾ। ਇਸ ਦੌਰਾਨ ਉਹ ਪੀਪੀਈ ਕਿੱਟ ਪਹਿਨ ਕੇ ਹਸਪਤਾਲਾਂ ’ਚ ਭਰਤੀ ਕੋਵਿਡ ਮਰੀਜ਼ਾਂ ਨੂੰ ਮਿਲੇ। ਪਹਿਲਾਂ ਮੁੱਖ ਮੰਤਰੀ ਬਾਗੇਸ਼ਵਰ ਪੁੱਜੇ ,ਜਿਥੇ ਉਨ੍ਹਾਂ ਕੋਰੋਨਾ ਹਸਪਤਾਲ ਅਤੇ ਦੇਖ-ਰੇਖ ਕੇਂਦਰ ’ਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹਾ ਹਸਪਤਾਲ ’ਚ ਬੱਚਿਆਂ ਲਈ ਬਣਾਏ ਗਏ ਵਾਰਡ ਦਾ ਵੀ ਨਿਰੀਖਣ ਕੀਤਾ।

ਬਾਅਦ ’ਚ ਸ੍ਰੀ ਰਾਵਤ ਪਿਥੌਰਾਗੜ੍ਹ ਪੁੱਜੇ ਅਤੇ ਜ਼ਿਲ੍ਹਾ ਬੇਸ ਹਸਪਤਾਲ ’ਚ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕੋਵਿਡ ਅਤੇ ਆਈਸੀਯੂ ਵਾਰਡਾਂ ’ਚ ਭਰਤੀ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪੀਪੀਈ ਕਿੱਟ ਪਹਿਨ ਕੇ ਅਲਮੋੜਾ ਤੋਂ ਸੰਸਦ ਮੈਂਬਰ ਅਜੈ ਟਮਟਾ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਡਾਕਟਰਾਂ, ਨਰਸਾਂ ਅਤੇ ਹੋਰ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।