ਪਟਿਆਲਾ : ਖੇਤਾਂ ਦੀ ਬਿਜਲੀ ਸਪਲਾਈ ਚਾਲੂ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਝੱਖੜ ਦੌਰਾਨ ਵੱਡੇ ਪੱਧਰ ’ਤੇ ਬਿਜਲੀ ਦੀਆਂ ਲਾਈਨਾਂ ਡਿੱਗਣ ਕਾਰਨ ਠੱਪ ਹੋਈ ਬਿਜਲੀ ਸਪਲਾਈ ਅਜੇ ਤੱਕ ਵੀ ਚਾਲੂ ਨਾ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ ਕਿਉਂਕਿ ਘਰੇਲੂ ਬਿਜਲੀ ਤਾਂ ਚਾਲੂ ਕਰ ਦਿੱਤੀ ਗਈ ਹੈ ਪਰ ਖੇਤੀ ਟਿਊਬਵੈੱਲਾਂ ਦੀ ਸਪਲਾਈ 10 ਦਿਨਾਂ ਮਗਰੋਂ ਵੀ ਠੱਪ ਹੈ। ਇਸ ਕਾਰਨ ਝੋਨੇ ਦੀ ਲਵਾਈ ਪਛੜਦੀ ਜਾ ਰਹੀ ਹੈ।

ਰੋਸ ਵਜੋਂ ਅੱਜ ਵੱਖ ਵੱਖ ਜਥੇਬੰਦੀਆਂ ਨਾਲ ਸੰਬੰਧਤ ਕਿਸਾਨਾਂ ਨੇ ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਧਰਨਾ ਲਾ ਕੇ ਨੈਸ਼ਨਲ ਹਾਈਵੇ ਜਾਮ ਕੀਤਾ, ਜਿਸ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪਿਆ। ਉਹ ਅੱਤ ਦੀ ਗਰਮੀ ‘ਚ ਵੀ ਸੜਕ ‘ਤੇ ਬੈਠੇ ਰਹੇ। ਉਨ੍ਹਾਂ ਵੱਲੋਂ ਬਿਜਲੀ ਦੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਪੁਲਿਸ ਨੂੰ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਪਏ।

ਇਸ ਮਗਰੋਂ ਬਿਜਲੀ ਬੋਰਡ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਅਧਿਕਾਰੀਆਂ ਵੱਲੋਂ ਬਿਜਲੀ ਸਪਲਾਈ ਚਾਲੂ ਕਰਨ ਲਈ ਸਰਗਰਮੀਆਂ ਹੋਰ ਤੇਜ਼ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਕਿਸਾਨਾਂ ਨੇ ਧਰਨਾ ਖੋਲ੍ਹਿਆ ਤੇ ਆਵਾਜਾਈ ਬਹਾਲ ਕੀਤੀ। ਧਰਨੇ ਦੌਰਾਨ ਕਿਸਾਨ ਆਗੂ ਹਰਜੀਤ ਸਿੰਘ ਟਹਿਲਪੁਰਾ ਅਤੇ ਮਿੱਠੂ ਮਾਜਰਾ ਦੇ ਸਰਪੰਚ ਅਵਤਾਰ ਸਿੰਘ ਸਮੇਤ ਕਈ ਹੋਰ ਕਿਸਾਨ ਆਗੂ ਮੌਜੂਦ ਸਨ।