ਪੰਜਾਬ ‘ਚ ਆਏ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਪਾਤੜਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ। ਪਾਤੜਾਂ ਦੇ ਕਾਰ ਬਾਜ਼ਾਰ ਵਿੱਚ ਇੱਕ ਕਾਰ ਪੈਲੇਸ ਤੋਂ ਕਾਰ ਦੀ ਖਰੀਦ ਕਰਨ ਵਾਸਤੇ ਆਏ ਤਿੰਨ ਵਿਅਕਤੀ ਵਰਨਾ ਕਾਰ ਦੀ ਟਰਾਈ ਲੈਣ ਦੇ ਬਹਾਨੇ ਨਾਲ ਗਏ। ਕਾਰ ਪੈਲੇਸ ਦੇ ਕਰਮਚਾਰੀ ‘ਤੇ ਰਿਵਾਲਵਰ ਤਾਣ ਕੇ ਉਹ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਦਿੱਤੇ ਜਾਣ ਮਗਰੋਂ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਦੁਕਾਨ ਮਾਲਕ ਅਨੁਸਾਰ ਦੁਪਹਿਰ ਤਿੰਨ ਵਜੇ ਦੇ ਕਰੀਬ 3 ਵਿਅਕਤੀ ਉਨ੍ਹਾਂ ਦੀ ਦੁਕਾਨ ਉੱਤੇ ਗੱਡੀ ਦੇਖਣ ਆਏ। ਉਨ੍ਹਾਂ ਵਰਨਾ ਗੱਡੀ 2012 ਮਾਡਲ ਪਸੰਦ ਕੀਤੀ ਅਤੇ ਉਸ ਦੀ ਟਰਾਈ ਲੈਣ ਬਾਰੇ ਕਿਹਾ। ਟਰਾਈ ਸਮੇਂ ਉਨ੍ਹਾਂ ਆਪਣੀ ਦੁਕਾਨ ਉੱਤੇ ਲੱਗੇ ਮੁਲਾਜ਼ਮ ਨੂੰ ਨਾਲ ਭੇਜਿਆ ਪਰ ਕਾਫੀ ਦੇਰ ਤੱਕ ਗੱਡੀ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਦੇਰ ਬਾਅਦ ਉਨ੍ਹਾਂ ਦੇ ਮੁਲਾਜ਼ਮ ਨੇ ਦੱਸਿਆ ਕਿ ਉਕਤ ਦੋ ਵਿਅਕਤੀਆਂ ਨਾਲ ਇਕ ਹੋਰ ਵਿਅਕਤੀ ਸੀ ਅਤੇ ਉਨ੍ਹਾਂ ਉਸਦੀ ਕੁੱਟਮਾਰ ਕੀਤੀ ਅਤੇ ਉਸ ‘ਤੇ ਰਿਵਾਲਵਰ ਤਾਣ ਕੇ ਕਾਰ ਦੀ ਪਿਛਲੀ ਸੀਟ ਉੱਤੇ ਲੰਮਾ ਪਾ ਲਿਆ।

ਉਹ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਮਹਿਲਾ ਚੌਕ ਦੇ ਨਜ਼ਦੀਕ ਉਸ ਨੂੰ ਉਤਾਰ ਕੇ ਗੱਡੀ ਲੈ ਕੇ ਫ਼ਰਾਰ ਹੋ ਗਏ ਹਨ । ਇਸ ਸੰਬੰਧੀ ਉਪ ਪੁਲਿਸ ਕਪਤਾਨ ਪਾਤੜਾਂ ਭਰਪੂਰ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਲਾਲ ਮੋਟਰਸ ਦੇ ਨਾਲ ਲੱਗਦੀ ਕਾਰ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਛੇਤੀ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।