ਨਵੀਂ ਦਿੱਲੀ : ਅਕਸਰ ਠੱਗਾਂ ਦੁਆਰਾ ਲੋਕਾਂ ਨੂੰ ਲੁੱਟਣ ਲਈ ਨਵੇਂ-ਨਵੇਂ ਢੰਗ ਅਪਣਾਏ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਮੁਲਜ਼ਮਾਂ ਨੇ 2 ਮਹੀਨਿਆਂ ਅੰਦਰ 150 ਕਰੋੜ ਰੁਪਏ ਠੱਗੇ। ਮੁਲਜ਼ਮ 2 ਮੋਬਾਇਲ ਐਪਸ ’ਤੇ ਪੈਸੇ ਨਿਵੇਸ਼ ਕਰਨ ’ਤੇ ਦਿਲਖਿੱਚਵੀਂ ਰਿਟਰਨ ਦੇਣ ਦਾ ਵਾਅਦਾ ਕਰਨ ਵਾਲੇ ਇਕ ਵੱਡੇ ਗਿਰੋਹ ਦੇ ਮੈਂਬਰ ਹਨ। ਦਿੱਲੀ ਪੁਲਸ ਦੇ ਸਾਈਬਰ ਸੈੱਲ ਨੇ 2 ਚਾਰਟਰਡ ਅਕਾਊਂਟੈਂਟਾਂ ਸਮੇਤ 11 ਵਿਅਕਤੀਆਂ ਨੂੰ 5 ਲੱਖ ਤੋਂ ਵੱਧ ਲੋਕਾਂ ਨਾਲ ਠੱਗੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੁਲ 11 ਕਰੋੜ ਦੀ ਰਕਮ ਤਾਂ ਪੁਲਸ ਨੇ ਵੱਖ-ਵੱਖ ਬੈਂਕ ਖਾਤਿਆਂ ਅਤੇ ਰਕਮ ਤਬਦੀਲ ਕਰਨ ਵਾਲੇ ਪੇਮੈਂਟ ਗੇਟਵੇ ’ਚ ਰੁਕਵਾ ਦਿੱਤੀ ਹੈ।

ਸੀਨੀਅਰ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਸੋਸ਼ਲ ਮੀਡੀਆ ’ਤੇ 2 ਮੋਬਾਇਲ ਐਪਸ ‘ਪਾਵਰ ਬੈਂਕ’ ਅਤੇ ‘ਈਜ਼ੈੱਡ ਪਲਾਨ’ ਬਾਰੇ ਪੂਰੇ ਦੇਸ਼ ਵਿਚ ਲੋਕ ਸ਼ਿਕਾਇਤਾਂ ਕਰ ਰਹੇ ਸਨ। ਇਹ ਐਪਸ ਪੈਸਿਆਂ ਦੇ ਨਿਵੇਸ਼ ’ਤੇ ਦਿਲਖਿੱਚਵੀਂ ਰਿਟਰਨ ਦੇਣ ਦਾ ਵਾਅਦਾ ਕਰ ਰਹੇ ਸਨ।

ਪੁਲਸ ਨੇ ਦੱਸਿਆ ਕਿ ਬੈਂਕ ਖਾਤਿਆਂ ਨਾਲ ਜੁੜੇ ਮੋਬਾਇਲ ਨੰਬਰਾਂ ਦਾ ਵਿਸ਼ਲੇਸ਼ਣ ਕਰਨ ’ਤੇ ਪਾਇਆ ਗਿਆ ਕਿ ਇਕ ਮੁਲਜ਼ਮ ਸ਼ੇਖ ਰੋਬਿਨ ਪੱਛਮੀ ਬੰਗਾਲ ਦੇ ਉਲੂਬੇਰੀਆ ਤੋਂ ਹੈ। 2 ਜੂਨ ਨੂੰ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਅਤੇ ਰੋਬਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਚਾਰਟਰਡ ਅਕਾਊਂਟੈਂਟਾਂ ਸਮੇਤ 9 ਵਿਅਕਤੀਆਂ ਦੀ ਗ੍ਰਿਫਤਾਰੀ ਦਿੱਲੀ-ਐੱਨ. ਸੀ. ਆਰ. ਖੇਤਰ ਵਿਚ ਹੋਈ।

ਇਨ੍ਹਾਂ ਚਾਰਟਰਡ ਅਕਾਊਂਟੈਂਟਾਂ ਨੇ 110 ਮੁਖੌਟਾ ਕੰਪਨੀਆਂ ਤਿਆਰ ਕੀਤੀਆਂ ਸਨ ਅਤੇ ਇਨ੍ਹਾਂ ਵਿਚ ਹਰੇਕ ਨੂੰ ਚੀਨੀ ਨਾਗਰਿਕਾਂ ਨੂੰ 2-3 ਲੱਖ ਰੁਪਏ ’ਚ ਵੇਚਿਆ ਸੀ। ਇਸ ਵਿਚ ਚੀਨ ਦੇ ਕਈ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਦੀ ਭੂਮਿਕਾ, ਉਨ੍ਹਾਂ ਦੇ ਟਿਕਾਣੇ ਅਤੇ ਧੋਖਾਦੇਹੀ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

Author