ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਸਿੱਖ ਵਿਸ਼ਵਕੋਸ਼ ਦੇ ਮੁੱਖ ਸੰਪਾਦਕ, ਪ੍ਰੋਫ਼ੈਸਰ ਆਫ਼ ਸਿੱਖਿਜ਼ਮ ਡਾ. ਜੋਧ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਡਾ. ਜੋਧ ਸਿੰਘ ਨੇ ਆਪਣਾ ਅਕਾਦਮਿਕ ਸਫ਼ਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਅਤੇ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਪ੍ਰਾਪਤ ਕਰ ਕੇ ਸ਼ੁਰੂ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿਚ ਬਤੌਰ ਪ੍ਰੋਫੈਸਰ ਆਏ।
ਉਨ੍ਹਾਂ ਨੇ ਸਿੱਖ ਚਿੰਤਨ ਦਰਸ਼ਨ ਅਤੇ ਗੁਰਬਾਣੀ ’ਤੇ ਬਹੁਤ ਵਿਸਤਾਰ ਪੂਰਵਕ ਕੰਮ ਕੀਤਾ। ਉਨ੍ਹਾਂ ਵੱਲੋਂ ਕੀਤੇ ਵੱਡੇ ਕੰਮਾਂ ਵਿਚੋਂ ਵਾਰਾਂ ਭਾਈ ਗੁਰਦਾਸ ਦਾ ਅੰਗਰੇਜ਼ੀ ਵਿੱਚ ਤਰਜਮਾ ਕਰਨਾ ਹੈ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿੱਚ ਤਰਜਮਾ ਕੀਤਾ। ਡਾ. ਜੋਧ ਸਿੰਘ ਨੇ ਦਸਮ ਗ੍ਰੰਥ ਦੀ ਬਾਣੀ ’ਤੇ ਮਹੱਤਵਪੂਰਨ ਕਾਰਜ ਕੀਤੇ। ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਸਿਧਾਂਤ ਚਿੰਤਨ ਨਾਲ ਜੁੜੀਆਂ ਸੰਸਥਾਵਾਂ ਦੇ ਮੈਂਬਰ ਸਨ। ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਦੇ ਵਿਕਾਸ ਲਈ ਭਾਰਤੀ ਪੰਜਾਬੀ ਕਾਨਫਰੰਸ ਦੇ ਕਨਵੀਨਰ ਰਹੇ।
ਡਾ. ਜੋਧ ਸਿੰਘ ਨੇ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਜਾ ਕੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਦੇ ਜਾਣ ਨਾਲ ਸਿੱਖ ਜਗਤ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵੀਸੀ ਡਾ. ਅਰਵਿੰਦ ਤੇ ਡੀਨ ਭਾਸ਼ਾਵਾਂ ਡਾ. ਸਤਿਨਾਮ ਸਿੰਘ ਸੰਧੂ ਨੇ ਕਿਹਾ ਕਿ ਡਾ. ਜੋਧ ਸਿੰਘ ਦੇ ਜਾਣ ਨਾਲ ਪੰਜਾਬੀ ਭਾਸ਼ਾ ਅਤੇ ਸਿੱਖ ਚਿੰਤਨ ਦੇ ਵਿਚ ਸਾਂਝੇ ਰੂਪ ਵਿੱਚ ਕੰਮ ਕਰਨ ਵਾਲੇ ਯੁੱਗ ਦਾ ਅੰਤ ਹੋ ਗਿਆ।