ਪੰਜਾਬ ਦੇ ਕਈ ਅਹਿਮ ਮਾਮਲਿਆਂ ‘ਤੇ ਅੱਜ ਕੈਬਨਿਟ ਦੀ ਮੀਟਿੰਗ ਹੋਣੀ ਹੈ। ਇਹ ਮੀਟਿੰਗ ਅੱਜ ਸਵੇਰੇ 11:30 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਮਾਨ ਕੈਬਨਿਟ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਬੁਲਾਉਣ ਬਾਰੇ ਚਰਚਾ ਕਰ ਸਕਦੀ ਹੈ। ਕਈ ਹੋਰ ਅਹਿਮ ਮੁੱਦਿਆਂ ‘ਤੇ ਵੀ ਚਰਚਾ ਹੋ ਸਕਦੀ ਹੈ। ਇਸ ਸਮੇਂ ਪੰਜਾਬ ਵਿੱਚ ਓਪੀਐਸ ਸਕੀਮ ਵੀ ਲਾਗੂ ਨਹੀਂ ਕੀਤੀ ਗਈ ਹੈ। ਹਾਲਾਂਕਿ ਇਸ ਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ।
ਪੰਜਾਬ ਸਰਕਾਰ ਨੇ ਅਜੇ ਤੱਕ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਨਹੀਂ ਬੁਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਨ ਸਰਕਾਰ ਵੱਲੋਂ ਸਾਲ 2023 ਤੋਂ ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਰੈਂਕ ਦੇ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣੇ ਹਨ। ਮੀਟਿੰਗ ਤੋਂ ਬਾਅਦ ਭਰਤੀ ਪ੍ਰਕਿਰਿਆ ਦੀ ਮਿਤੀ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਮਾਨ ਸਰਕਾਰ ਦੇ ਬਹੁਤ ਸਾਰੇ ਪ੍ਰੋਜੈਕਟ ਅਤੇ ਕੰਮ ਲਾਈਨ ਵਿੱਚ ਹਨ। ਅੱਜ ਦੀ ਮੀਟਿੰਗ ‘ਚ ਆਉਣ ਵਾਲੇ ਸਮੇਂ ਲਈ ਇਨ੍ਹਾਂ ਸਭ ‘ਤੇ ਚਰਚਾ ਕਰਨ ਤੋਂ ਬਾਅਦ ਇਨ੍ਹਾਂ ‘ਚ ਤੇਜ਼ੀ ਲਿਆਂਦੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਮਾਨ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਸਕੂਲਾਂ ਦੇ ਨਾਂ ਬਦਲਣ, ਡਾਕਟਰਾਂ ਦੀਆਂ ਨਿਯੁਕਤੀਆਂ ਸਬੰਧੀ ਫੈਸਲੇ ਲੈਣ ਸਮੇਤ ਹੋਰ ਕਈ ਕੰਮ ਕੀਤੇ ਹਨ। ਸੀਐਮ ਮਾਨ ਅਕਸਰ ਕੈਬਨਿਟ ਮੀਟਿੰਗ ਤੋਂ ਬਾਅਦ ਕਈ ਅਹਿਮ ਐਲਾਨ ਕਰਦੇ ਰਹੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।