ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ, 45 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਗਈ। ਅੱਜ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਦੱਸ ਦਈਏ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ,ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਚ 20 ਨਵੰਬਰ ਨੂੰ ਵੋਟਿੰਗ ਹੋਈ ਸੀ ਜਿਸ ਤੋਂ ਬਾਅਦ ਅੱਜ ਨਤੀਜੇ ਐਲਾਨੇ ਜਾਣਗੇ।
ਸੁਰੱਖਿਆ ਦੇ ਪੁਖਤਾ ਪ੍ਰਬੰਧ
ਪ੍ਰਸ਼ਾਸ਼ਨ ਵੱਲੋਂ ਗਿਣਤੀ ਵਾਲੀ ਥਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਕੇਂਦਰ ਦੁਆਰੇ ਤਿੰਨ ਪਰਤੀ ਸੁਰੱਖਿਆ ਕਾਇਮ ਕੀਤੀ ਗਈ ਹੈ ਤਾਂ ਜੋ ਸਮੁਚੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ। ਪੰਜਾਬ ਪੁਲਿਸ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਰਹਿਣਗੇ।ਸਿਰਫ਼ ਉਹੀ ਲੋਕ ਗਿਣਤੀ ਕੇਂਦਰਾਂ ਵਿੱਚ ਜਾ ਸਕਣਗੇ ਜਿਨ੍ਹਾਂ ਦੇ ਕਾਰਡ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਹਨ।
45 ਉਮੀਦਵਾਰ ਚੋਣ ਮੈਦਾਨ ‘ਚ
ਦੱਸ ਦਈਏ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਵੋਟਾਂ ਦੀ ਗਿਣਤੀ 18 ਗੇੜਾਂ ਵਿੱਚ ਮੁਕੰਮਲ ਹੋਵੇਗੀ।
ਜਦੋਂ ਕਿ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ 15 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।ਗਿੱਦੜਬਾਹਾ ਹਲਕੇ ਵਿੱਚ ਕੁੱਲ 14 ਉਮੀਦਵਾਰ ਮੈਦਾਨ ਵਿੱਚ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ ਵਿਖੇ 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਜਦੋਂ ਕਿ ਬਰਨਾਲਾ ਹਲਕੇ ਵਿੱਚ 14 ਉਮੀਦਵਾਰ ਮੈਦਾਨ ਵਿੱਚ ਹਨ। ਐਸਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।