ਪ੍ਰਦੂਸ਼ਣ ਪੂਰੇ ਦੇਸ਼ ਦੀ ਚੁਣੌਤੀ, ਨਜਿੱਠਣ ਲਈ ਮਿਲਕੇ ਯਤਨ ਕਰਨੇ ਪੈਣਗੇ : ਗੁਲਾਬ ਚੰਦ ਕਟਾਰੀਆ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਵਧਦਾ ਪ੍ਰਦੂਸ਼ਣ ਪੂਰੇ ਦੇਸ਼ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਨਾਲ ਨਜਿੱਠਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਯਤਨ ਕਰਨੇ ਪੈਣਗੇ। ਕਟਾਰੀਆ ਅੱਜ ਇੱਥੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ, ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ ਇੰਡੀਆ, ਐਮਐਸਐਮਈ ਮੰਤਰਾਲੇ, ਯੂਐਚਬੀਵੀਐਨ, ਡੀਐਚਬੀਵੀਐਨ, ਸਟਾਰਟਅੱਪ ਪੰਜਾਬ, ਨੈੱਟਵਰਕ ਆਫ ਪੀਪਲ ਫਾਰ ਕੰਸਟ੍ਰਕਸ਼ਨ ਐਂਡ ਇੰਡਸਟ੍ਰੀਅਲ ਬਿਜ਼ਨਸ ਓਨਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਕਟਰ-17 ਸਥਿਤ ਗਰਾਊਂਡ ਵਿਖੇ ਦਸਵੀਂ ਚਾਰ ਰੋਜ਼ਾ ਇੰਸ ਐਂਡ ਆਉਟ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਉਦਮੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਕੁਦਰਤ ਅਤੇ ਕੰਸਟ੍ਰਕਸ਼ਨ ਨੂੰ ਆਪਸ ਵਿੱਚ ਜੋੜਿਆ ਜਾਵੇ। ਸਾਨੂੰ ਇਮਾਰਤਾਂ ਦੀ ਉਸਾਰੀ ਕਰਦੇ ਸਮੇਂ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਟਾਰੀਆ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਵਿੱਚ ਆਰਕੀਟੈਕਚਰ ਦਾ ਤਾਂ ਮਹੱਤਵ ਵਧ ਰਿਹਾ ਹੈ ਪਰ ਵਾਤਾਵਰਨ ਸੁਰੱਖਿਆ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2047 ਤੱਕ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਸੁਪਨਾ ਦੇਖਿਆ ਹੈ, ਜਿਸ ਨੂੰ ਪੂਰਾ ਕਰਨ ਵਿੱਚ ਵੋਕਲ ਫਾਰ ਲੋਕਲ ਦੀ ਭੂਮਿਕਾ ਅਹਿਮ ਹੈ। ਇਸ ਕੰਮ ਵਿੱਚ ਪੀਐਚਡੀਸੀਸੀਆਈ ਵਰਗੀਆਂ ਸੰਸਥਾਵਾਂ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਘਟਨਾ ਨਾਲ ਖਪਤਕਾਰਾਂ ਅਤੇ ਉਤਪਾਦਕਾਂ ਨੂੰ ਇੱਕ ਛੱਤ ਮਿਲੀ ਹੈ। ਇਹ ਸ਼ਲਾਘਾਯੋਗ ਉਪਰਾਲਾ ਹੈ।
ਆਰਕੀਟੈਕਚਰ ਖੇਤਰ ਦੇ ਵਿਦਿਆਰਥੀਆਂ ਨੂੰ ਵੀ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਗਿਆ
ਇਸ ਤੋਂ ਪਹਿਲਾਂ ਪ੍ਰਸ਼ਾਸਕ ਦਾ ਸਵਾਗਤ ਕਰਦਿਆਂ ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਆਰਕੀਟੈਕਚਰ ਖੇਤਰ ਦੇ ਵਿਦਿਆਰਥੀਆਂ ਨੂੰ ਵੀ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈ। ਇੱਥੇ ਆ ਕੇ ਉਹ ਇਮਾਰਤ ਨਿਰਮਾਣ ਦੇ ਖੇਤਰ ਵਿੱਚ ਆਉਣ ਵਾਲੀ ਨਵੀਂ ਤਕਨੀਕ ਅਤੇ ਬਦਲਾਅ ਬਾਰੇ ਜਾਣ ਸਕਦੇ ਹਨ।
ਮਹਿਮਾਨਾਂ ਦਾ ਕੀਤਾ ਧੰਨਵਾਦ
ਚੰਡੀਗੜ੍ਹ ਚੈਪਟਰ ਦੇ ਕੋ-ਚੇਅਰ ਸੁਵਰਤ ਖੰਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ’ਚ ਇੰਸ ਆਉਟ ਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਉਦਯੋਗ ਵਿਭਾਗ ਦੀ ਸਕੱਤਰ ਆਈ.ਏ.ਐਸ ਹਰਗੁਣਜੀਤ ਕੌਰ, ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਟੀ.ਸੀ.ਨੌਟਿਆਲ ਤੋਂ ਇਲਾਵਾ ਪੰਜਾਬ ਚੈਪਟਰ ਦੇ ਚੇਅਰ ਆਰ.ਐਸ.ਸਚਦੇਵਾ, ਕੋ-ਚੇਅਰ ਸੰਜੀਵ ਸਿੰਘ ਸੇਠੀ, ਕਰਨ ਗਿਲਹੋਤਰਾ ਸਮੇਤ ਕਈ ਪਤਵੰਤੇ ਹਾਜ਼ਰ ਸਨ।