ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਜੰਮੂ-ਕਸ਼ਮੀਰ ਦੀਆਂ 8 ਪਾਰਟੀਆਂ ਦੇ 14 ਨੇਤਾਵਾਂ ਨਾਲ ਗੱਲਬਾਤ ਕਰਨਗੇ । ਫਿਲਹਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਬੁਲਾਈ ਗਈ ਬੈਠਕ ਦਾ ਏਜੰਡਾ ਫਿਲਹਾਲ ਗੁਪਤ ਰੱਖਿਆ ਗਿਆ ਹੈ । ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਵਿਕਾਸ ਸਮੇਤ ਹੱਦਬੰਦੀ ਅਤੇ ਹੋਰ ਮੁੱਦਿਆਂ ‘ਤੇ ਸਰਕਾਰ ਸਥਾਨਕ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਕਰੇਗੀ ।

ਇਸ ਸੰਬੰਧੀ ਇਸ ਬੈਠਕ ਵਿੱਚ ਪੀਐਮ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜੰਮੂ ਕਸ਼ਮੀਰ ਦੇ LG ਮਨੋਜ ਸਿਨਹਾ, ਐਨਐਸਏ ਅਜੀਤ ਡੋਭਾਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ, ਗ੍ਰਹਿ ਸਕੱਤਰ ਅਜੈ ਭੱਲਾ ਤੋਂ ਇਲਾਵਾ ਕੁਝ ਹੋਰ ਅਧਿਕਾਰੀ ਬੈਠਕ ਵਿੱਚ ਸ਼ਾਮਿਲ ਰਹਿ ਸਕਦੇ ਹਨ।

ਇਸ ਬੈਠਕ ਦੇ ਨਾਲ ਹੀ ਸੂਬੇ ਵਿੱਚ ਹੱਦਬੰਦੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਮੰਨਿਆ ਜਾਵੇਗਾ । ਇੱਕ ਤਰ੍ਹਾਂ ਨਾਲ ਸੂਬੇ ਵਿੱਚ ਲੋਕਤੰਤਰੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਵਿਆਪਕ ਸਲਾਹ-ਮਸ਼ਵਰੇ ਦੀ ਸ਼ੁਰੂਆਤ ਹੈ। ਹੱਦਬੰਦੀ ਦੀ ਪ੍ਰਕਿਰਿਆ ਥੋੜ੍ਹੀ ਲੰਬੀ ਹੋ ਸਕਦੀ ਹੈ। ਹੱਦਬੰਦੀ ਦੇ ਬਾਅਦ ਨਵੀਂ ਵੋਟਰ ਲਿਸਟ ਤਿਆਰ ਕਰਨ ਅਤੇ ਉਸ ਵਿੱਚ ਸੁਧਾਰ ਤੋਂ ਬਾਅਦ ਹੀ ਜੰਮੂ-ਕਸ਼ਮੀਰ ਵਿੱਚ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੋ ਸਕਦੀ ਹੈ।

ਦੱਸ ਦੇਈਏ ਕਿ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਗੁਲਾਮ ਅਹਿਮਦ ਮੀਰ, ਤਾਰਾਚੰਦ, ਪੀਡੀਪੀ ਦੀ ਮਹਿਬੂਬਾ ਮੁਫਤੀ, ਭਾਜਪਾ ਦੇ ਨਿਰਮਲ ਸਿੰਘ, ਕਵਿੰਦਰ ਗੁਪਤਾ ਅਤੇ ਰਵਿੰਦਰ ਰੈਨਾ, ਪੀਪਲਜ਼ ਕਾਨਫਰੰਸ ਦੇ ਮੁਜ਼ੱਫਰ ਬੇਗ ਅਤੇ ਸੱਜਾਦ ਲੋਨ, ਪੈਂਥਰਜ਼ ਪਾਰਟੀ ਦੇ ਭੀਮ ਸਿੰਘ, ਸੀਪੀਆਈਐਮ ਦੇ ਐਮਵਾਈ ਤਾਰੀਗਾਮੀ ਅਤੇ ਜੇ ਕੇ ਆਪਨੀ ਪਾਰਟੀ ਦੇ ਅਲਤਾਫ ਬੁਖਾਰੀ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ।

Author