ਦਿੱਗਜ ਹਾਕੀ ਉਲੰਪਿਅਨ ਬਲਬੀਰ ਸਿੰਘ ਸੀਨੀਅਰ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਅੱਜ ਮੋਹਾਲੀ ਇੰਟਰਨੈਸ਼ਨਲ ਹਾਕੀ ਸਟੇਡੀਅਮ ਦਾ ਨਾਂ ਹਾਕੀ ਦੇ ਮਹਾਨ ਖਿਡਾਰੀ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ ਉੱਤੇ ਰੱਖਿਆ ਜਾਵੇਗਾ। ਖੇਡ ਮੰਤਰੀ ਪੰਜਾਬ ਸਰਕਾਰ ਰਾਣਾ ਸੋਢੀ ਨੇ ਇਹ ਐਲਾਨ ਕੀਤਾ ਹੈ ਕਿ ਅੱਜ 25 ਮਈ ਨੂੰ ਸਟੇਡੀਅਮ ਦਾ ਨਾਮਕਰਨ ਕੀਤਾ ਜਾਵੇਗਾ । ਤਿੰਨ ਵਾਰ ਦੇ ਓਲੀਮਪਿਕ ਗੋਲ੍ਡ ਮੈਡਲ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਵਿਸ਼ਵ ਹਾਕੀ ਦੀ ਮਹਾਨ ਹਸਤੀ ਸਨ। ਸਟੇਡੀਅਮ ਦਾ ਨਾਂ ਉਨ੍ਹਾਂ ਦੇ ਨਾਂ ਤੇ ਰੱਖਣ ਦੀ ਗੱਲ ਕਾਫ਼ੀ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਪੰਜਾਬ ਸਰਕਾਰ ਵੱਲੋਂ ਇਸ ਮੰਗ ‘ਤੇ ਵਿਚਾਰ ਕਰਨ ਦੀ ਗੱਲ ਕੀਤੀ ਜਾ ਰਹੀ ਸੀ।

ਬਲਬੀਰ ਸਿੰਘ ਤੋਂ ਜਦੋਂ ਵੀ ਪੁੱਛਿਆ ਜਾਂਦਾ ਸੀ ਕਿ ਉਨ੍ਹਾਂ ਦੇ ਨਾਂ ‘ਤੇ ਸਟੇਡੀਅਮ ਹੋਣਾ ਚਾਹੀਦਾ ਤਾਂ ਉਹ ਹੱਸ ਕੇ ਕਹਿੰਦੇ ਸਨ ਕਿ ਉਨ੍ਹਾਂ ਨੇ ਕਦੇ ਕੁਝ ਨਹੀਂ ਮੰਗਿਆ। ਉਨ੍ਹਾਂ ਦੀ ਬੇਟੀ ਸੁਸ਼ਬੀਰ ਭੋਮਿਆ ਨੇ ਇਹ ਮੰਗ ਕੀਤੀ ਸੀ ਕਿ ਸਟੇਡੀਅਮ ਉਨ੍ਹਾਂ ਦੇ ਪਿਤਾ ਦੇ ਨਾਂ ‘ਤੇ ਕੀਤਾ ਜਾਣਾ ਚਾਹੀਦਾ ਹੈ।

ਬਲਬੀਰ ਸਿੰਘ ਸੀਨੀਅਰ ਨੇ 1948, 1952 ਤੇ 1956 ਓਲੀਮਪਿਕ ਵਿੱਚ ਭਾਰਤ ਵੱਲੋਂ ਖੇਡਦੇ ਹੋਏ ਗੋਲ੍ਡ ਮੈਡਲ ਜਿੱਤੇ ਸਨ। 1952 ਦੇ ਓਲੀਮਪਿਕ ਫਾਈਨਲ ਵਿੱਚ ਉਨ੍ਹਾਂ ਨੇ 5 ਗੋਲ ਕੀਤੇ ਸਨ ਜੋ ਅੱਜ ਵੀ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹਨ।ਉਹ 1975 ਵਿੱਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਨੇਜਰ ਵੀ ਰਹੇ। ਮਾਹਰ ਉਨ੍ਹਾਂ ਨੂੰ ਦਿੱਗਜ ਹਾਕੀ ਖਿਡਾਰੀ ਧਿਆਨ ਚੰਦ ਤੋਂ ਵੀ ਵਧੀਆ ਮੰਨਦੇ ਸਨ।