ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਇੱਕ ਹੋਰ ਸ਼ੂਟਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬਿਹਾਰ ਪੁਲਿਸ ਨੇ ਜਮੁਈ ਤੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਮੁਈ ਦੇ DSP ਰਾਕੇਸ਼ ਨੇ ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ। ਫੜ੍ਹੇ ਗਏ ਸ਼ੂਟਰ ਨੂੰ ਲਖਬੀਰ ਲੰਡਾ ਦਾ ਖਾਸ ਦੱਸਿਆ ਜਾ ਰਿਹਾ ਹੈ।
ਗੈਂਗਸਟਰ ਦੀ ਪਛਾਣ ਕਰਨ ਮਾਨ ਵਜੋਂ ਹੋਈ ਹੈ। ਉਹ ਲਖਬੀਰ ਲੰਡਾ ਦੇ ਕਹਿਣ ‘ਤੇ ਭਾਰਤ ‘ਚ ਕੰਮ ਕਰਦਾ ਸੀ। ਦੋਸ਼ੀ ਦਾ ਅਪਰਾਧ ਦੀ ਦੁਨੀਆ ‘ਚ ਕਾਫੀ ਨਾਂ ਹੈ। ਗ੍ਰਿਫਤਾਰ ਕਰਨ ਮਾਨ ਹਥਿਆਰਾਂ ਅਤੇ ਨਸ਼ਾ ਤਸਕਰੀ ਗਰੋਹ ਦਾ ਵੀ ਸਾਥੀ ਹੈ। ਪੁਲਿਸ ਉਸ ਤੋਂ ਲੰਡਾ ਬਾਰੇ ਵੀ ਪੁੱਛਗਿੱਛ ਕਰੇਗੀ।
ਪੰਜਾਬ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਕਰਨ ਮਾਨ ਨੂੰ ਖਹਿਰਾ ਦੇ ਗੜ੍ਹੀ ਇਲਾਕੇ ‘ਚ ਸਥਿਤ ਇੱਕ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੋਹਾਲੀ ਜ਼ਿਲੇ ‘ਚ ਹੋਏ ਧਮਾਕੇ ਤੇ ਗਾਇਕ ਮੂਸੇਵਾਲਾ ਦੇ ਕਤਲ ਮਾਮਲੇ ‘ਚ ਲਖਵੀਰ ਸਿੰਘ ਉਰਫ ਲੰਡਾ ਗੈਂਗ ਦਾ ਹੱਥ ਹੈ।
ਗੈਂਗਸਟਰ ਕਰਨ ਮਾਨ ਨੂੰ ਬਿਹਾਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਜਮੁਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਸ਼ਟਰੀ ਗੈਂਗਸਟਰ ਗੈਂਗ ਦੇ ਸ਼ਾਰਪ ਸ਼ੂਟਰ ਕਰਨ ਮਾਨ ਅਤੇ ਅਰਜੁਨ ਮਾਨ ਜਮੁਈ ਵਿੱਚ ਲੁਕੇ ਹੋਏ ਹਨ। ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਕੇਵਲ ਕਰਨ ਮਾਨ ਹੀ ਫੜਿਆ ਗਿਆ, ਜਿਸ ਨੂੰ ਹੁਣ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਪੁਲੀਸ ਦੀ ਗੱਡੀ ਵਿੱਚ ਬੰਬ ਰੱਖਣ ਦੇ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਮਾਮਲੇ ਵਿੱਚ ਕਰਨ ਮਾਨ ਦਾ ਨਾਮ ਵੀ ਸਾਹਮਣੇ ਆਇਆ ਸੀ। ਫੜਿਆ ਗਿਆ ਕਰਨ ਮਾਨ ਅੰਮ੍ਰਿਤਸਰ ਦੇ ਏਕਤਾ ਨਗਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਗੈਂਗਸਟਰ ਨੂੰ ਪੰਜਾਬ ਲਿਆ ਰਹੀ ਹੈ ਪੁਲਿਸ
ਗੈਂਗਸਟਰ ਕਰਨ ਮਾਨ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਪੰਜਾਬ ਲਿਆਂਦਾ ਜਾ ਰਿਹਾ ਹੈ। ਪੰਜਾਬ ਪੁਲਿਸ ਉਸ ਨੂੰ ਮੂਸੇਵਾਲਾ ਕੇਸ ਨਾਲ ਸਬੰਧਤ ਪੁੱਛਗਿੱਛ ਲਈ ਵੱਖ-ਵੱਖ ਸ਼ਹਿਰਾਂ ਵਿੱਚ ਲੈ ਕੇ ਜਾਵੇਗੀ। ਅੰਮ੍ਰਿਤਸਰ ਅਤੇ ਮੋਹਾਲੀ ਬੰਬ ਧਮਾਕੇ ਦੇ ਮਾਮਲਿਆਂ ‘ਚ ਵੀ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦਈਏ ਕਿ ਬੀਤੇ ਦਿਨੀ ਭੀਖੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਬੰਬੀਹਾ ਗਰੁੱਪ ਦੇ ਨਾਂ ‘ਤੇ ਭਰਤੀ ਹੋਣ ਲਈ ਸੋਸ਼ਲ ਮੀਡੀਆ ‘ਤੇ ਪੋਸਟ ਪਾ ਰਿਹਾ ਸੀ।
ਜਾਣਕਾਰੀ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਕੱਟੜ ਫੈਨ ਵੱਲੋਂ ਵ੍ਹੱਟਸਐਪ ਇੰਸਟਾਗ੍ਰਾਮ ਦੇ ਜ਼ਰੀਏ ਬੰਬੀਹਾ ਗਰੁੱਪ ਨਾਲ ਜੁੜਨ ਲਈ ਪੋਸਟ ਪਾਈ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਭੀਖੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਾਨਸਾ ਦੇ ਐਸ.ਪੀ.(ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਥਾਣਾ ਭੀਖੀ ਪੁਲਿਸ ਵੱਲੋਂ ਸੁਖਜੀਤ ਸਿੰਘ ਨਾਮਕ ਨੌਜਵਾਨ ਦੇ ਖਿਲਾਫ ਮੁਕੱਦਮਾ ਨੰਬਰ 174 ਦਰਜ ਕੀਤਾ ਗਿਆ ਸੀ, ਜਿਸਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਅਤੇ ਉਸ ਵਿੱਚ ਆਪਣਾ ਮੋਬਾਇਲ ਨੰਬਰ ਦੇ ਕੇ ਨੌਜਵਾਨਾਂ ਨੂੰ ਬੰਬੀਹਾ ਗਰੁੱਪ ਨਾਲ ਜੁੜਨ ਲਈ ਕਿਹਾ ਸੀ।