ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਵਲੋਂ ਦੇਸ਼ ਲਈ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਜਾਣੋ ਕਿਵੇਂ ਰਿਹਾ ਉਨ੍ਹਾਂ ਦਾ ਸਿਆਸੀ ਸਫ਼ਰ

ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ (ਪ੍ਰਯਾਗਰਾਜ) ‘ਚ ਹੋਇਆ। ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਉੱਤਮ ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿਚ ਸਿੱਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ ਅਤੇ ਕਾਲਜ ਦੀ ਸਿੱਖਿਆ ਟਰਿੰਟੀ ਕਾਲਜ, ਲੰਡਨ ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਲਾਅ ਦੀ ਡਿਗਰੀ ਕੈਂਬਰਿਜ ਯੂਨੀਵਰਸਿਟੀ ਤੋਂ ਪੂਰੀ ਕੀਤੀ। ਇੰਗਲੈਂਡ ਵਿਚ ਉਨ੍ਹਾਂ ਨੇ 7 ਸਾਲ ਬਤੀਤ ਕੀਤੇ ਜਿਸ ਵਿਚ ਉੱਥੇ ਦੇ ਫੈਬੀਅਨ ਸਮਾਜਵਾਦ ਅਤੇ ਆਇਰਿਸ਼ ਰਾਸ਼ਟਰਵਾਦ ਲਈ ਇਕ ਤਰਕਸੰਗਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ। ਉਹ 1912 ‘ਚ ਭਾਰਤ ਵਾਪਸ ਆ ਗਏ ਅਤੇ ਸਿੱਧੇ ਸਿਆਸਤ ‘ਚ ਕੁੱਦ ਪਏ। ਇਕ ਵਿਦਿਆਰਥੀ ਵਜੋਂ ਵੀ ਉਹ ਉਨ੍ਹਾਂ ਦੇਸ਼ਾਂ ਦੇ ਸੰਘਰਸ਼ ‘ਚ ਗਹਿਰੀ ਦਿਲਚਸਪੀ ਰੱਖਦੇ ਸਨ ਜਿਹੜੇ ਵਿਦੇਸ਼ੀ ਤਾਕਤਾਂ ਹੇਠ ਸਨ। ਉਨ੍ਹਾਂ ਨੇ ਆਇਰਲੈਂਡ ‘ਚ ਚਲ ਰਹੀ ‘ਸਿਨ ਫਿਨ ਮੁਹਿੰਮ’ ‘ਚ ਡੂੰਘੀ ਦਿਲਚਸਪੀ ਲਈ। ਭਾਰਤ ‘ਚ ਉਹ ਆਖਿਰ ਅਜ਼ਾਦੀ ਸੰਘਰਸ਼ ‘ਚ ਸ਼ਾਮਲ ਹੋ ਗਏ।

ਉਨ੍ਹਾਂ ਨੇ 1912 ‘ਚ ਬਨਕੀਪੋਰ ਕਾਂਗਰਸ ‘ਚ ਪ੍ਰਤੀਨਿਧੀ ਵਜੋਂ ਹਿੱਸਾ ਲਿਆ ਅਤੇ 1919 ‘ਚ ਇਲਾਹਾਬਾਦ ‘ਚ ‘ਹੋਮ ਰੂਲ ਲੀਗ’ ਦੇ ਸਕੱਤਰ ਬਣ ਗਏ। ਉਹ ਮਹਾਤਮਾ ਗਾਂਧੀ ਨੂੰ 1916 ‘ਚ ਪਹਿਲੀ ਵਾਰ ਮਿਲੇ ਅਤੇ ਤੁਰੰਤ ਉਨ੍ਹਾਂ ਦਾ ਪ੍ਰਭਾਵ ਕਬੂਲਿਆ। ਉਨ੍ਹਾਂ ਨੇ 1920 ‘ਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਪਹਿਲੀ ਕਿਸਾਨ ਮਾਰਚ ਦਾ ਆਯੋਜਨ ਕੀਤਾ। ਉਨ੍ਹਾਂ ਨੂੰ 1920-22 ਦੀ ਨਾ-ਮਿਲਵਰਤਣ ਲਹਿਰ ਦੌਰਾਨ ਦੋ ਵਾਰ ਜੇਲ੍ਹ ਜਾਣਾ ਪਿਆ।

1923 ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ
ਪੰਡਿਤ ਨਹਿਰੂ ਸਤੰਬਰ 1923 ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ। ਉਨ੍ਹਾਂ ਨੇ 1926 ‘ਚ ਇਟਲੀ, ਸਵਿਟਜ਼ਰਲੈਂਡ, ਇੰਗਲੈਂਡ, ਬੈਲਜੀਅਮ, ਜਰਮਨੀ ਅਤੇ ਰੂਸ ਦਾ ਦੌਰਾ ਕੀਤਾ। ਬੈਲਜੀਅਮ ‘ਚ ਉਨ੍ਹਾਂ ਨੇ ਬ੍ਰਸੇਲਜ਼ ‘ਚ ਇੰਡੀਅਨ ਨੈਸ਼ਨਨ ਕਾਂਗਰਸ ਦੇ ਕਾਰਕੁੰਨ ਵਜੋਂ ‘ਕਾਂਗਰਸ ਔਪਰੇਸਡ ਨੈਸ਼ਨਲਟੀਜ਼’ ਦੀ ਮੀਟਿੰਗ ‘ਚ ਹਿੱਸਾ ਲਿਆ। ਉਨ੍ਹਾਂ ਨੇ 1927 ‘ਚ ਮਾਸਕੋ ‘ਚ ਅਕਤੂਬਰ ਸੋਵੀਅਤ ਕ੍ਰਾਂਤੀ ਦੀ 10ਵੀਂ ਵਰ੍ਹੇਗੰਢ ਦੇ ਜਸ਼ਨਾਂ ‘ਚ ਹਿੱਸਾ ਲਿਆ।

ਸਾਈਮਨ ਕਮਿਸ਼ਨ ਵਿਰੁੱਧ ਇੱਕ ਜਲੂਸ ਦੀ ਅਗਵਾਈ ਕਰਦੇ ਉਨ੍ਹਾਂ ‘ਤੇ 1928 ‘ਚ ਲਖਨਊ ‘ਚ ਲਾਠੀਚਾਰਜ ਕੀਤਾ ਗਿਆ। 29 ਅਗਸਤ 1928 ਨੂੰ ਉਨ੍ਹਾਂ ਨੇ ਆਲ-ਪਾਰਟੀ ਕਾਂਗਰਸ ‘ਚ ਸ਼ਮੂਲੀਅਤ ਕੀਤੀ ਅਤੇ ਉਹ ਭਾਰਤੀ ਸੰਵਿਧਾਨਕ ਸੁਧਾਰਾਂ ਬਾਰੇ ਨਹਿਰੂ ਰਿਪੋਰਟ, ਜੋ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਮੋਤੀ ਲਾਲ ਨਹਿਰੂ ਦੇ ਨਾਂਅ ‘ਤੇ ਆਧਾਰਤ ਸੀ ‘ਤੇ ਦਸਤਖ਼ਤ ਕਰਨ ਵਾਲੇ ਵਿਅਕਤੀਆਂ ‘ਚੋਂ ਇਕ ਸਨ। ਇਸੇ ਸਾਲ ਉਨ੍ਹਾਂ ਨੇ ‘ਇੰਡੀਪੈਂਡੈਂਸ ਫਾਰ ਇੰਡੀਆ ਲੀਗ’ ਦੀ ਸਥਾਪਨਾ ਕੀਤੀ। ਜੋ ਕਿ ਬ੍ਰਿਟਿਸ਼ ਰਾਜ ਦੇ ਭਾਰਤ ਤੋਂ ਪੂਰੀ ਤਰ੍ਹਾਂ ਤੋੜ-ਵਿਛੋੜੇ ਦੀ ਵਕਾਲਤ ਕਰਦੀ ਸੀ। ਬਾਅਦ ‘ਚ ਉਹ ਇਸ ਦੇ ਜਨਰਲ ਸਕੱਤਰ ਬਣੇ।

ਪੰਡਿਤ ਨਹਿਰੂ ਨੂੰ 31 ਅਕਤੂਬਰ 1940 ਨੂੰ ਵਿਸ਼ਵ ਜੰਗ ‘ਚ ਭਾਰਤ ਦੀ ਧੱਕੇ ਨਾਲ ਸ਼ਮੂਲੀਅਤ ਵਿਰੁੱਧ ਸ਼ੁਰੂ ਕੀਤੇ ਸੱਤਿਆਗ੍ਰਹਿ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦਸੰਬਰ 1941 ‘ਚ ਹੋਰਾਂ ਆਗੂਆਂ ਨਾਲ ਰਿਹਾਅ ਕਰ ਦਿੱਤਾ ਗਿਆ। ਪੰਡਿਤ ਨਹਿਰੂ ਨੇ ਏ.ਆਈ.ਸੀ.ਸੀ. ਦੇ ਬੌਂਬੇ ‘ਚ ਹੋਏ ਸ਼ੈਸ਼ਨ ‘ਚ ਇਤਿਹਾਸਕ ‘ਭਾਰਤ ਛੋੜੋ’ ਅੰਦੋਲਨ ਦਾ ਮਤਾ ਪੇਸ਼ ਕੀਤਾ। 8 ਅਗਸਤ 1942 ਨੂੰ ਉਨ੍ਹਾਂ ਨੂੰ ਦੂਜੇ ਆਗੂਆਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਹਿਮਦਨਗਰ ਕਿਲ੍ਹੇ ‘ਚ ਲਿਜਾਇਆ ਗਿਆ। ਇਹ ਉਨ੍ਹਾਂ ਦੀ ਸਭ ਤੋਂ ਲੰਮੀ ਅਤੇ ਆਖਿਰੀ ਜੇਲ੍ਹ ਸੀ। ਉਹ ਕੁੱਲ 9 ਵਾਰ ਜੇਲ ਗਏ। ਜਨਵਰੀ 1945 ‘ ਚ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੇਸ਼ਧਰੋਹੀ ਐਲਾਨੇ ਆਈ. ਐੱਨ.ਏ. ਦੇ ਅਫ਼ਸਰਾਂ ਅਤੇ ਕਾਰਕੁੰਨਾਂ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ। ਮਾਰਚ 1946 ਨੂੰ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆ ਦਾ ਦੌਰਾ ਕੀਤਾ। 6 ਜੁਲਾਈ 1946 ਨੂੰ ਉਨ੍ਹਾਂ ਨੂੰ ਚੌਥੀ ਵਾਰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ 1951 ਤੋਂ 1954 ਤੱਕ ਉਹ ਤਿੰਨ ਵਾਰ ਹੋਰ ਕਾਂਗਰਸ ਦੇ ਪ੍ਰਧਾਨ ਬਣੇ। 27 ਮਈ 1964 ਨੂੰ ਜਵਾਹਰ ਲਾਲ ਨਹਿਰੂ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।