ਵਾਤਾਵਰਨ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਨੂੰ ਪਰਾਲੀ ਨਾ ਸੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਵਾਤਾਵਰਨ ਨੂੰ ਬਚਾਉਣ ਲਈ ਵਾਤਾਵਰਣ ਪ੍ਰੇਮੀ ਮਿਹਨਤ ਕਰ ਰਹੇ ਹਨ, ਜਿਸ ਵਿੱਚ ਬਠਿੰਡਾ ਦਾ ਫੂਸਮੰਡੀ ਵੀ ਵੱਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਪੰਜਾਬ ਸਰਕਾਰ ਦੀ ਪਰਾਲੀ ਨਾ ਸਾੜਨ ਦੀ ਮੁਹਿੰਮ ਦਾ ਹੋਕਾ ਦਿੰਦਾ ਇਹ ਪਿੰਡ ਦੀਵਾਲੀ ਮੌਕੇ ‘ਤੇ ਪਟਾਕੇ ਨਹੀਂ ਚਲਾਉਂਦਾ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਵਾਰ ਗਰੀਨ ਦੀਵਾਲੀ ਦਾ ਸੁਨੇਹਾ ਦਿੰਦੇ ਹੋਏ ਗਰੀਨ ਪਟਾਕੇ ਚਲਾਉਣ ਲਈ ਕਿਹਾ ਗਿਆ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਪਿੰਡ ਵਿੱਚ ਕੁਝ ਕਿਸਾਨ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚ ਦਿੰਦੇ ਹਨ, ਜਦਕਿ ਕੁੱਝ ਜ਼ਮੀਨ ਵਿੱਚ ਹੀ ਵਾਹ ਦਿੰਦੇ ਹਨ, ਪਰੰਤੂ ਅੱਗ ਨਹੀਂ ਲਗਾਈ ਜਾਂਦੀ। ਜੇਕਰ ਕੋਈ ਪਰਾਲੀ ਵਿੱਚ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ, ਇਸ ਲਈ ਕੋਈ ਵੀ ਅੱਗ ਨਹੀਂ ਲਗਾਉਂਦਾ।