ਚੰਡੀਗੜ੍ਹ ਪੀਜੀਆਈ ਦੇ ਗਾਇਨੀ ਵਾਰਡ ਵਿੱਚ ਦਾਖ਼ਲ ਇੱਕ ਮਹਿਲਾ ਮਰੀਜ਼ ਨੂੰ ਹਸਪਤਾਲ ਦਾ ਸਟਾਫ਼ ਬਣ ਕੇ ਟੀਕਾ ਲਗਾਉਣ ਵਾਲੀ ਔਰਤ ਦੀ ਫੋਟੋ ਸਾਹਮਣੇ ਆਈ ਹੈ। ਮੌਕੇ ‘ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਫੋਟੋ ਖਿੱਚ ਲਈ ਸੀ। ਪੁਲਸ ਨੇ ਮੁਲਜ਼ਮ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀਜੀਆਈ ਦੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੀਜੀਆਈ ਦੇ ਨਹਿਰੂ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਇੱਕ ਅਣਪਛਾਤੀ ਔਰਤ ਵੱਲੋਂ ਮਰੀਜ਼ ਨੂੰ ਗਲਤ ਟੀਕਾ ਦੇਣ ਦੇ ਮਾਮਲੇ ਵਿੱਚ ਮਰੀਜ਼ ਦੇ ਪਤੀ ਗੁਰਵਿੰਦਰ ਸਿੰਘ ਨੇ ਸਹੁਰਿਆਂ ਉੱਤੇ ਗੰਭੀਰ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਉਸ ਦੇ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਸਹੁਰਿਆਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਦੋਵਾਂ ਨੇ ਹਾਈ ਕੋਰਟ ਤੋਂ ਸੁਰੱਖਿਆ ਹਾਸਲ ਕੀਤੀ ਸੀ। ਫਿਰ ਵੀ ਉਸ ਨੂੰ ਫ਼ੋਨ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਸ ਨੇ ਬਾਕਾਇਦਾ ਉਨ੍ਹਾਂ ਲੋਕਾਂ ਦੀ ਸੂਚੀ ਬਣਾਈ ਹੋਈ ਹੈ ਜਿਨ੍ਹਾਂ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਜਿਨ੍ਹਾਂ ‘ਤੇ ਸ਼ੱਕ ਹੈ। ਗੁਰਵਿੰਦਰ ਦਾ ਕਹਿਣਾ ਹੈ ਕਿ ਹੁਣ ਵੀ ਉਸ ਦੀ ਪਤਨੀ ਦੀ ਸਿਹਤ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ‘ਤੇ ਹੈ। ਇੱਥੋਂ ਤੱਕ ਕਿ ਡਾਕਟਰ ਵੀ ਕੁਝ ਨਹੀਂ ਦੱਸ ਰਹੇ ਕਿ ਮੁਲਜ਼ਮ ਔਰਤ ਨੇ ਉਸਦੀ ਪਤਨੀ ਨੂੰ ਕਿਹੜਾ ਟੀਕਾ ਲਗਾਇਆ ਹੈ। ਇੱਕ ਮਹਿਲਾ ਡਾਕਟਰ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।
ਮੁਲਜ਼ਮ ਔਰਤ ਦੀ ਤਸਵੀਰ ਵੀ ਸਾਹਮਣੇ ਆਈ ਹੈ। ਉਸ ਨੇ ਲਾਲ ਰੰਗ ਦੀ ਕਮੀਜ਼, ਕਰੀਮ ਰੰਗ ਦਾ ਸਵੈਟਰ ਅਤੇ ਜੀਨਸ ਪਹਿਨੀ ਹੋਈ ਹੈ। ਗੁਰਵਿੰਦਰ ਦਾ ਕਹਿਣਾ ਹੈ ਕਿ ਉਹ ਔਰਤ ਨੂੰ ਨਹੀਂ ਜਾਣਦਾ ਪਰ ਉਸ ਦਾ ਪਤਾ ਲਗਾਇਆ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਔਰਤ ਨੂੰ ਕਿਸੇ ਨੇ ਇਹ ਅਪਰਾਧ ਕਰਨ ਲਈ ਭੇਜਿਆ ਸੀ। ਫਿਲਹਾਲ ਪੁਲਸ ਮੁਲਜ਼ਮ ਔਰਤ ਦੀ ਭਾਲ ‘ਚ ਲੱਗੀ ਹੋਈ ਹੈ। ਸੂਤਰਾਂ ਅਨੁਸਾਰ ਪੁਲਿਸ ਦੀਆਂ ਟੀਮਾਂ ਵੀ ਜਾਂਚ ਲਈ ਚੰਡੀਗੜ੍ਹ ਤੋਂ ਬਾਹਰ ਭੇਜ ਦਿੱਤੀਆਂ ਗਈਆਂ ਹਨ।