ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।ਲਗਾਤਾਰ ਭਾਰਤੀ ਸਰਹੱਦ ‘ਤੇ ਡਰੋਨਾਂ ਦੀ ਹਰਕਤ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਏ ਇੱਕ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 2 ਮਹਿਲਾ ਬੀਐਸਐਫ ਜਵਾਨਾਂ ਨੇ ਡਰੋਨ ਨੂੰ ਗੋਲੀ ਮਾਰ ਕੇ ਸੁੱਟ ਲਿਆ। ਡਰੋਨ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ।

ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਅੰਮ੍ਰਿਤਸਰ ਦੇ ਰਮਦਾਸ ਸੈਕਟਰ ਅਧੀਨ ਬੀਓਪੀ ਦਰਿਆ ਮੂਸਾ ਵਿਖੇ ਰਾਤ ਕਰੀਬ 11 ਵਜੇ ਡਰੋਨ ਦੀ ਆਵਾਜਾਈ ਹੋਈ। ਬੀਐਸਐਫ ਦੀਆਂ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਇਸ ਦੌਰਾਨ ਗਸ਼ਤ ‘ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਦੋਵੇਂ ਚੌਕਸ ਹੋ ਗਈਆਂ। ਦੋਵਾਂ ਨੇ ਕਰੀਬ 25 ਰਾਊਂਡ ਫਾਇਰ ਕੀਤੇ।

ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਜਦੋਂ ਇਲਾਕੇ ਵਿੱਚ ਤਲਾਸ਼ੀ ਲਈ ਗਈ ਤਾਂ ਖੇਤਾਂ ਵਿੱਚੋਂ ਇੱਕ ਹੈਕਸਾਕਾਪਟਰ ਚੀਨ ਦਾ ਬਣਿਆ ਡਰੋਨ ਮਿਲਿਆ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।ਬੀਐਸਐਫ ਜਵਾਨਾਂ ਨੇ ਹੈਰੋਇਨ ਦਾ ਪੈਕਟ ਜ਼ਬਤ ਕੀਤਾ ਹੈ। ਸੁਰੱਖਿਆ ਕਾਰਨਾਂ ਕਰਕੇ, ਪੈਕੇਟ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ।

ਪੈਕੇਟ ਨੂੰ ਖੋਲ੍ਹਣ ਅਤੇ ਚੈੱਕ ਕਰਨ ਤੋਂ ਬਾਅਦ ਇਸ ਵਿੱਚ ਕਿੰਨੀ ਹੈਰੋਇਨ ਮਿਲੀ ਹੈ, ਇਸ ਬਾਰੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ। ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਹਿਲਾ ਜਵਾਨਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪਹਿਲਾ ਮਾਮਲਾ ਹੈ ਜਦੋਂ ਮਹਿਲਾ ਜਵਾਨਾਂ ਨੇ ਡਰੋਨ ਨੂੰ ਹੇਠਾਂ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ।

LEAVE A REPLY

Please enter your comment!
Please enter your name here