ਪੰਜਾਬ ਦੇ 12 ਜ਼ਿਲ੍ਹਿਆਂ ’ਚ ਅੱਜ ਵੀ ਮੀਂਹ ਲਈ ਔਰੇਂਜ ਅਲਰਟ ਹੋਇਆ ਜਾਰੀ
ਪੰਜਾਬ ਵਿੱਚ ਮਾਨਸੂਨ ਵਿੱਚ ਬਦਲਾਅ ਹੋਣ ਕਾਰਨ ਔਸਤ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਤਾਪਮਾਨ 1.8 ਡਿਗਰੀ ਘੱਟ ਦਰਜ ਕੀਤਾ ਗਿਆ। ਜਿਸਦੇ ਬਾਅਦ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 3.1 ਡਿਗਰੀ ਘੱਟ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜਿਸਦੇ ਚੱਲਦਿਆਂ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਬਾਕੀ ਸੂਬਿਆਂ ‘ਚ ਬਾਰਿਸ਼ ਦਾ ਅਲਰਟ ਹੈ, ਪਰ ਸਥਿਤੀ ਆਮ ਵਾਂਗ ਰਹੇਗੀ।
5 ਤੋਂ 11 ਜੁਲਾਈ ਤੱਕ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ
ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ 5 ਤੋਂ 11 ਜੁਲਾਈ ਤੱਕ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ-ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਲੁਧਿਆਣਾ, ਮੋਹਾਲੀ, ਫਤਿਹਗੜ੍ਹ ਸਾਹਿਬ, ਖਰੜ, ਅਬੋਹਰ ਅਤੇ ਮਾਨਸਾ ਇਲਾਕਿਆਂ ਵਿੱਚ ਰੋਜ਼ਾਨਾ 10 ਤੋਂ 15 MM. ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਮੌਸਮ ਵਿਭਾਗ ਨੇ 5-6 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਉਸ ਤੋਂ ਬਾਅਦ ਸਥਿਤੀ ਆਮ ਵਾਂਗ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਡੋਪ ਟੈਸਟ ‘ਚ ਫੇਲ੍ਹ ਰਹੀ 400 ਮੀਟਰ ਦੌੜਾਕ ਦੀਪਾਂਸ਼ੀ, NADA ਨੇ ਕੀਤਾ ਮੁਅੱਤਲ
ਘੱਟ ਬਾਰਿਸ਼ ਦੀ ਸਥਿਤੀ ਤੋਂ ਉਭਰਿਆ ਸੂਬਾ
ਇਸ ਦੇ ਨਾਲ ਹੀ ਪੰਜਾਬ ਵਿੱਚ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਸੂਬਾ ਘੱਟ ਬਾਰਿਸ਼ ਦੀ ਸਥਿਤੀ ਤੋਂ ਉਭਰਿਆ ਹੈ । ਵੀਰਵਾਰ ਨੂੰ ਸੂਬੇ ਵਿੱਚ ਔਸਤਨ 14.8 MM. ਮੀਂਹ ਦਰਜ ਕੀਤਾ ਗਿਆ ਹੈ | ਪਿਛਲੇ 4 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿੱਚ 22.8 MM. ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ ਲਗਭਗ 45 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਅੱਜ ਵੀ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ।