Nirmal Rishi became an example for the stars of the Punjabi industry, received the Padma Shri award

ਨਿਰਮਲ ਰਿਸ਼ੀ ਬਣੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਲਈ ਮਿਸਾਲ , ਮਿਲਿਆ ਪਦਮਸ਼੍ਰੀ ਐਵਾਰਡ

ਨਿਰਮਲ ਰਿਸ਼ੀ ਨੇ ਅੱਜ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਪੰਜਾਬ ਦਾ ਮਾਣ ਵੀ ਵਧਾ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਪੰਜਾਬੀ ਫਿਲਮ ਇੰਡਸਟਰੀ ਦੀ ਗੁਲਾਬੋ ਮਾਸੀ ਅਖਵਾਉਣ ਵਾਲੀ ਕਲਾਕਾਰ ਨਿਰਮਲ ਰਿਸ਼ੀ 80 ਸਾਲ ਦੀ ਉਮਰ ਵਿੱਚ ਬਾਕੀ ਪੰਜਾਬੀ ਕਲਾਕਾਰਾਂ ਲਈ ਮਿਸਾਲ ਬਣ ਚੁੱਕੇ ਹਨ | ਇਹ ਐਵਾਰਡ ਉਹਨਾਂ ਨੂੰ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਹਾਸਿਲ ਹੋਇਆ ਹੈ | ਇਨ੍ਹਾਂ 41 ਸਾਲਾਂ ਵਿੱਚ ਨਿਰਮਲ ਰਿਸ਼ੀ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।

ਪੰਜਾਬੀ ਕਲਾਕਾਰਾਂ ਨੇ ਦਿੱਤੀਆਂ ਸੀ ਸ਼ੁਭਕਾਮਨਾਵਾਂ

ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ 26 ਜਨਵਰੀ ਨੂੰ ਨਿਰਮਲ ਰਿਸ਼ੀ ਦੇ ਨਾਮ ਦਾ ਪ੍ਰਸਤਾਵ ਕੀਤਾ ਗਿਆ ਸੀ। ਪਦਮਸ਼੍ਰੀ ਵਿੱਚ ਉਹਨਾਂ ਦਾ ਨਾਂ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਸਨ ।
ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਕਿਹਾ ਕਿ ਸਰਕਾਰ ਨੇ ਉਸ ਨੂੰ ਇਸ ਦੇ ਯੋਗ ਸਮਝਿਆ, ਇਸ ਲਈ ਸਰਕਾਰ ਦਾ ਧੰਨਵਾਦ। ਅੱਜ ਮੇਰੀ ਸਾਰੀ ਉਮਰ ਦੀ ਮਿਹਨਤ ਰੰਗ ਲਿਆਈ ਹੈ। ਮਾਣ ਹੈ ਕਿ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।

ਨਿਰਮਲ ਰਿਸ਼ੀ ਦਾ ਸਫ਼ਰ

ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਆਜ਼ਾਦੀ ਤੋਂ ਬਾਅਦ ਇਹ ਇਲਾਕਾ ਹੁਣ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ। ਉਹਨਾਂ ਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਪਿੰਡ ਦੇ ਸਰਪੰਚ ਸਨ। ਕਿਹਾ ਜਾਂਦਾ ਹੈ ਕਿ ਨਿਰਮਲ ਰਿਸ਼ੀ ਨੂੰ ਬਚਪਨ ਤੋਂ ਹੀ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਲਈ ਉਹਨਾਂ ਨੇ ਸਕੂਲ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਮਾਸਟਰ ਕਰਨ ਰਾਜਸਥਾਨ ਤੋਂ ਆਏ ਪਟਿਆਲਾ

ਦੱਸ ਦਈਏ ਕਿ ਨਿਰਮਲ ਰਿਸ਼ੀ ਨੂੰ ਉਹਨਾਂ ਦੀ ਭੂਆ ਨੇ ਪਾਲਿਆ ਸੀ। ਉਹਨਾਂ ਨੇ ਸ਼੍ਰੀਗੰਗਾਨਗਰ ਤੋਂ 10ਵੀਂ ਪਾਸ ਕੀਤੀ ਅਤੇ ਜੈਪੁਰ ਤੋਂ ਬੀ.ਐੱਡ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ ਉਹਨਾਂ ਨੇ ਉੱਥੇ ਹੀ ਥੀਏਟਰ, ਐਨਸੀਸੀ ਅਤੇ ਖੇਡਾਂ ਵਿੱਚ ਹਿੱਸਾ ਲਿਆ। ਉਹਨਾਂ ਨੂੰ ਬੈਸਟ ਕੈਡੇਟ ਦਾ ਸਨਮਾਨ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹ ਮਾਸਟਰ ਕਰਨ ਲਈ ਰਾਜਸਥਾਨ ਤੋਂ ਪਟਿਆਲਾ ਆਈ ਜਿੱਥੇ ਉਹਨਾਂ ਨੇ ਸਰਕਾਰੀ ਕਾਲਜ ਤੋਂ ਸਰੀਰਕ ਸਿੱਖਿਆ ਵਿੱਚ ਐਮ.ਏ. ਕੀਤੀ।

ਇਸ ਕਿਰਦਾਰ ਨਾਲ ਹੋਏ ਸਨ ਹਿੱਟ

ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1966 ਵਿੱਚ ਅਧੂਰੇ ਸਪਨੇ ਦਾ ਮੰਚਨ ਕੀਤਾ ਸੀ | ਇਸੇ ਦੌਰਾਨ ਉਹਨਾਂ ਨੂੰ ਮਰਹੂਮ ਬਾਲੀਵੁੱਡ ਅਭਿਨੇਤਾ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ। ਜਿਸ ਤੋਂ ਬਾਅਦ ਥੀਏਟਰ ਤੋਂ, ਉਹ 1984 ਵਿੱਚ ਵੱਡੇ ਪਰਦੇ ‘ਤੇ ਆਈ ਅਤੇ ਫਿਲਮ ‘ਲੌਂਗ ਦਾ ਲਸ਼ਕਾਰਾ’ ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਨਿਭਾਈ।
ਜਿਸ ਤੋਂ ਬਾਅਦ ਉਹ ਇਸ ਕਿਰਦਾਰ ਨਾਲ ਇੰਨੀ ਹਿੱਟ ਹੋਈ ਕਿ ਉਸ ਕੋਲ ਨਿਰਮਾਤਾਵਾਂ ਦੀ ਲਾਈਨ ਲੱਗ ਗਈ। ਕਿਹਾ ਜਾਂਦਾ ਹੈ ਕਿ ਹਰ ਕੋਈ ਉਹਨਾਂ ਨੂੰ ਗੁਲਾਬੋ ਮਾਸੀ ਦਾ ਕਿਰਦਾਰ ਦੁਬਾਰਾ ਨਿਭਾਉਣ ਲਈ ਕਹਿ ਰਿਹਾ ਸੀ ਪਰ ਨਿਰਮਲ ਰਿਸ਼ੀ ਨੇ ਮੁੜ ਉਹੀ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ | ਜਿਸ ਤੋਂ ਬਾਅਦ ਆਖਰਕਾਰ 41 ਸਾਲਾਂ ਦੀ ਮਿਹਨਤ ਤੋਂ ਬਾਅਦ ਸਦਕਾ ਉਹਨਾਂ ਨੂੰ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ |

 

 

 

LEAVE A REPLY

Please enter your comment!
Please enter your name here