ਮਹਾਕੁੰਭ ‘ਚ ਭਗਦੜ: 14 ਲੋਕਾਂ ਦੀ ਮੌ.ਤ, ਕਈ ਜ਼ਖਮੀ
ਮਹਾਕੁੰਭ ‘ਚ ਭਗਦੜ ਦੀ ਖਬਰ ਹੈ। ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ ਡੇਢ ਵਜੇ ਪ੍ਰਯਾਗਰਾਜ ਦੇ ਸੰਗਮ ਤੱਟ ‘ਤੇ ਭਗਦੜ ਮੱਚ ਗਈ।ਇਸ ਵਿੱਚ 14 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। 50 ਤੋਂ ਵੱਧ ਜ਼ਖਮੀ ਹੋ ਗਏ। ਅਤੇ ਕਈਆਂ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਤੋਂ ਬਾਅਦ ਸੰਗਮ ਕੰਢੇ ‘ਤੇ ਐਨਐਸਜੀ ਕਮਾਂਡੋਜ਼ ਨੇ ਚਾਰਜ ਸੰਭਾਲ ਲਿਆ।
ਆਮ ਲੋਕਾਂ ਦੀ ਐਂਟਰੀ ਬੰਦ
ਸੰਗਮ ਨੋਜ਼ ਖੇਤਰ ਵਿੱਚ ਆਮ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਸੀਐਮ ਯੋਗੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਮਾਂ” ਗੰਗਾ ਦੇ ਨਜ਼ਦੀਕ ਘਾਟ ‘ਤੇ ਇਸ਼ਨਾਨ ਕਰੋ, ਸੰਗਮ ਵੱਲ ਜਾਣ ਦੀ ਕੋਸ਼ਿਸ਼ ਨਾ ਕਰੋ। ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਪ੍ਰਬੰਧ ਕਰਨ ਵਿੱਚ ਸਹਿਯੋਗ ਕਰੋ। ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦਿਓ।” ਪ੍ਰਧਾਨ ਮੰਤਰੀ ਮੋਦੀ ਨੇ ਮਹਾਂ ਕੁੰਭ ਮੇਲੇ ਦੀ ਸਥਿਤੀ ਬਾਰੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲਬਾਤ ਕੀਤੀ, ਘਟਨਾਕ੍ਰਮ ਦੀ ਜਾਣਕਾਰੀ ਲਈ ਅਤੇ ਤੁਰੰਤ ਰਾਹਤ ਕਾਰਜ ਲਈ ਕਿਹਾ।
13 ਅਖਾੜਿਆਂ ਵੱਲੋਂ ਅੰਮ੍ਰਿਤ ਇਸ਼ਨਾਨ ਰੱਦ
ਘਟਨਾ ਸਥਾਨ ਤੋਂ ਸਾਹਮਣੇ ਆਈਆਂ ਕੁਝ ਵੀਡੀਓ ਮੁਤਾਬਕ ਕੁਝ ਔਰਤਾਂ ਅਤੇ ਬੱਚੇ ਜ਼ਖਮੀ ਹੋਏ ਹਨ। ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਮਹਾਕੁੰਭ ਨਗਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਭਗਦੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ‘ਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਅਮਾਵਸਿਆ ਦੇ ਅੰਮ੍ਰਿਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਹੈ। ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਪੁਰੀ ਨੇ ਕਿਹਾ- ਸੰਗਮ ਨੋਜ਼ ‘ਤੇ ਜ਼ਿਆਦਾ ਭੀੜ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।