ਟੀਮ ਇੰਡੀਆ ਦੇ ਸਟਾਰ ਖਿਡਾਰੀ ਨਾਲ ਦਿੱਲੀ ਏਅਰਪੋਰਟ ‘ਤੇ ਬਦਸਲੂਕੀ! ਪੋਸਟ ਸਾਂਝੀ ਕਰ ਦੱਸੀ ਸਾਰੀ ਘਟਨਾ
ਨਵੀ ਦਿੱਲੀ : ਦਿੱਲੀ ਏਅਰਪੋਰਟ ‘ਤੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਏਅਰਪੋਰਟ ‘ਤੇ ਖੱਬੇ ਹੱਥ ਦੇ ਇਸ ਭਾਰਤੀ ਓਪਨਰ ਨਾਲ ਜੋ ਕੁਝ ਹੋਇਆ, ਉਨ੍ਹਾਂ ਨੇ ਸਭ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਅਭਿਸ਼ੇਕ ਸ਼ਰਮਾ ਮੁਤਾਬਕ ਇਹ ਘਟਨਾ ਇੰਡੀਗੋ ਅਤੇ ਉਸ ਦੇ ਸਟਾਫ ਦੇ ਵਿਵਹਾਰ ਨਾਲ ਜੁੜੀ ਹੋਈ ਹੈ।
ਦਿੱਲੀ ਏਅਰਪੋਰਟ ‘ਤੇ ਕੀ ਹੋਇਆ?
ਅਭਿਸ਼ੇਕ ਨੇ ਦੱਸਿਆ ਕਿ ਉਹ ਸਹੀ ਸਮੇਂ ‘ਤੇ ਸਹੀ ਕਾਊਂਟਰ ‘ਤੇ ਪਹੁੰਚ ਗਿਆ ਸੀ। ਇਸ ਦੇ ਬਾਵਜੂਦ ਕਾਊਂਟਰ ਮੈਨੇਜਰ ਵੱਲੋਂ ਉਸ ਨੂੰ ਬਿਨਾਂ ਵਜ੍ਹਾ ਕਿਸੇ ਹੋਰ ਕਾਊਂਟਰ ’ਤੇ ਜਾਣ ਲਈ ਕਿਹਾ ਗਿਆ। ਅਭਿਸ਼ੇਕ ਮੁਤਾਬਕ ਇਸ ਮੁੱਦੇ ਕਾਰਨ ਉਨ੍ਹਾਂ ਦੀ ਫਲਾਈਟ ਵੀ ਛੁੱਟ ਗਈ। ਉਨ੍ਹਾਂ ਨੇ ਪੋਸਟ ‘ਚ ਵਿਸ਼ੇਸ਼ ਤੌਰ ‘ਤੇ ਕਾਊਂਟਰ ਮੈਨੇਜਰ ਦਾ ਨਾਂ ਵੀ ਲਿਆ, ਜਿਸ ਦਾ ਵਿਵਹਾਰ ਉਨ੍ਹਾਂ ਮੁਤਾਬਕ ਅਸਹਿਣਯੋਗ ਸੀ। ਅਭਿਸ਼ੇਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ ਇੱਕ ਦਿਨ ਦੀ ਛੁੱਟੀ ਸੀ। ਪਰ ਹੁਣ ਫਲਾਈਟ ਛੁੱਟ ਜਾਣ ਕਾਰਨ ਉਹ ਵੀ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਵੀ ਏਅਰਲਾਈਨ ਨਾਲ ਉਨ੍ਹਾਂ ਦਾ ਸਭ ਤੋਂ ਖਰਾਬ ਅਨੁਭਵ ਸੀ।